ਬਟਾਲਾ, 26 ਫਰਵਰੀ (ਸਤਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਲੀਡਰ ਪੁਲਿਸ ਦੀ ਕਿਸ ਕਦਰ ਦੁਰਵਰਤੋਂ ਕਰ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਵਲੋਂ ਆਪਣੀ ਪ੍ਰੀ-ਵੈਡਿੰਗ ਮੌਕੇ ਪੰਜਾਬ ਪੁਲਿਸ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਵਰਤਣ ਤੋਂ ਸਾਫ਼ ਨਜ਼ਰ ਆ ਰਹੀ ਹੈ | ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਕੀਤਾ | ਹੀਰਾ ਵਾਲੀਆ ਨੇ ਕਿਹਾ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਇਹ ਕਾਰਨਾਮਾ ਕੀਤਾ ਹੈ, ਭਾਜਪਾ ਦੀ ਐੱਸ.ਐੱਸ.ਪੀ. ਬਟਾਲਾ ਤੋਂ ਇਹੋ ਮੰਗ ਹੈ ਕਿ ਇਨ੍ਹਾਂ ਸਾਰਿਆਂ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ, ਕਿਉਂਕਿ ਇਹ ਲਾਪ੍ਰਵਾਹੀ ਵਿਚ ਕੀਤਾ ਹੋਇਆ ਕੰਮ ਨਹੀਂ ਹੈ, ਬਲਕਿ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਇਹ ਕੰਮ ਕੀਤਾ ਗਿਆ ਹੈ | ਹੀਰਾ ਵਾਲੀਆ ਨੇ ਕਿਹਾ ਕਿ ਇਕ ਪਾਸੇ ਜਿੱਥੇ ਅੱਜ ਪੰਜਾਬ ਦੇ ਅੰਦਰ ਲਗਾਤਾਰ ਅਪਰਾਧਿਕ ਘਟਨਾਵਾਂ ਹੋ ਰਹੀਆ ਹਨ ਤੇ ਅਜਿਹੀ ਲਾਪ੍ਰਵਾਹੀ ਕਰਨੀ ਜਿੱਥੇ ਸੁਰੱਖਿਆ ਉਪਰ ਵੱਡਾ ਚਿੰਨ ਹੈ, ਉਥੇ ਹੀ ਇਹ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡ ਰਹੀਆਂ ਹਨ | ਹੀਰਾ ਵਾਲੀਆ ਨੇ ਕਿਹਾ ਕਿ ਐੱਸ.ਐੱਸ.ਪੀ. ਬਟਾਲਾ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ |