ਦੀਨਾਨਗਰ, 26 ਫਰਵਰੀ (ਸ਼ਾਮ ਸਿੰਘ ਘੁੰਮਣ/ਸੋਢੀ/ੋੋੋਸ਼ਰਮਾ)-ਦੀਨਾਨਗਰ-ਬਹਿਰਾਮਪੁਰ ਸੜਕ ਉੱਪਰ ਫਲਾਈਓਵਰ ਬਣਨ ਮਗਰੋਂ ਰੇਲਵੇ ਵਿਭਾਗ ਵਲੋਂ ਸੜਕ ਉੱਪਰ ਪੈਂਦੇ ਸੀ-60 ਰੇਲਵੇ ਫਾਟਕ ਨੂੰ ਪੱਕੇ ਤੌਰ 'ਤੇ ਬੰਦ ਕਰ ਦਿੱਤੇ ਜਾਣ ਕਾਰਨ ਪ੍ਰਭਾਵਿਤ ਹੋਏ ਸਥਾਨਕ ਲੋਕਾਂ ਵਲੋਂ ਅੱਜ ਰੇਲਵੇ ਫਾਟਕ ਤੋਂ ਲਾਂਘੇ ਦੀ ਮੰਗ ਨੂੰ ਲੈ ਕੇ ਰੇਲਵੇ ਸਟੇਸ਼ਨ ਉੱਪਰ ਧਰਨਾ ਪ੍ਰਦਰਸ਼ਨ ਕੀਤਾ ਗਿਆ | ਲੋਕ ਸੇਵਾ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ ਦੀ ਅਗਵਾਈ ਹੇਠ ਕੀਤੇ ਧਰਨਾ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਸੁਖਵਿੰਦਰ ਸਿੰਘ ਪਾਹੜਾ, ਕਿਰਪਾਲ ਸਿੰਘ ਦਬੁਰਜੀ, ਬਲਜਿੰਦਰ ਸਿੰਘ ਲੋਹਗੜ੍ਹ, 'ਆਪ' ਆਗੂ ਵਿਜੇ ਕੁਮਾਰ ਕੈਂਪ ਅਤੇ ਕੌਂਸਲਰ ਗਿਰਧਾਰੀ ਲਾਲ ਨੇ ਕਿਹਾ ਕਿ ਬੰਦ ਕੀਤੇ ਸੀ- 60 ਰੇਲਵੇ ਫਾਟਕ ਦੇ ਦੋਵੇਂ ਪਾਸੇ ਦੀ ਸੰਘਣੀ ਆਬਾਦੀ ਤੇ ਦੋਵੇਂ ਪਾਸੇ ਦੇ 100 ਦੇ ਕਰੀਬ ਦੁਕਾਨਦਾਰ 'ਤੇ ਕਾਰੋਬਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਜਦੋਂ ਦਾ ਰੇਲਵੇ ਫਲਾਈਓਵਰ ਬਣਿਆ ਹੈ ਤੇ ਰੇਲਵੇ ਵਿਭਾਗ ਨੇ ਸੀ 60 ਰੇਲਵੇ ਫਾਟਕ ਬੰਦ ਕੀਤਾ ਹੈ, ਉਦੋਂ ਦਾ ਹੀ ਇਸ ਦੇ ਆਲੇ ਦੁਆਲੇ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ | ਦੋਵੇਂ ਪਾਸੇ ਸੰਘਣੀ ਵਸੋਂ ਹੋਣ ਕਾਰਨ ਬੰਦ ਫਾਟਕ ਦੇ ਇਕ ਤੋਂ ਦੂਜੇ ਪਾਸੇ ਜਾਣ ਲਈ ਲੋਕਾਂ ਨੂੰ ਕਰੀਬ ਦੋ ਕਿੱਲੋਮੀਟਰ ਵਾਧੂ ਪੈਂਡਾ ਤੈਅ ਕਰਨਾ ਪੈਂਦਾ ਹੈ | ਜਿਸ ਕਾਰਨ ਲੋਕਾਂ ਦਾ ਆਰਥਿਕ ਤੇ ਸਮੇਂ ਦਾ ਨੁਕਸਾਨ ਹੋ ਰਿਹਾ ਹੈ | ਬੁਲਾਰਿਆਂ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸੀ.60 ਰੇਲਵੇ ਫਾਟਕ ਨੂੰ ਖੋਲੇ ਜਾਣ ਦੀ ਮੰਗ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਪੂਰਾ ਫਾਟਕ ਨਹੀਂ ਖੋਲਿ੍ਹਆ ਜਾ ਸਕਦਾ ਤਾਂ ਘੱਟੋ ਘੱਟ ਦੋ ਪਹੀਆ ਵਾਹਨਾਂ ਲਈ ਲਾਂਘਾ ਹੀ ਦੇ ਦਿੱਤਾ ਜਾਵੇ ਜਾਂ ਫਿਰ ਸਥਾਨਕ ਆਵਾਜਾਈ ਲਈ ਅੰਡਰ ਪਾਸ ਬਣਾ ਕੇ ਦਿੱਤਾ ਜਾਵੇ ਪਰ ਰੇਲਵੇ ਵਿਭਾਗ ਇਸ ਪਾਸੇ ਬਿਲਕੁਲ ਕੰਨ ਨਹੀਂ ਧਰ ਰਿਹਾ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਇਸ ਮੰਗ ਨੂੰ ਲੈ ਕੇ ਕਈ ਵਾਰ ਧਰਨਾ ਪ੍ਰਦਰਸ਼ਨ ਕੀਤੇ ਜਾਣ ਦੇ ਇਲਾਵਾ ਉਹ ਰੇਲਵੇ ਵਿਭਾਗ ਨੂੰ ਹਰ ਪੱਧਰ 'ਤੇ ਇਸ ਮੁਸ਼ਕਿਲ ਤੋਂ ਜਾਣੂ ਕਰਵਾ ਚੁੱਕੇ ਹਨ | ਫਿਰ ਵੀ ਰੇਲਵੇ ਵਿਭਾਗ ਲੋਕਾਂ ਦੀ ਮੰਗ ਨੂੰ ਲੈ ਕੇ ਬਿਲਕੁਲ ਵੀ ਸੰਜੀਦਾ ਨਹੀਂ ਹੈ | ਜਿਸ ਕਾਰਨ ਲੋਕਾਂ ਦੇ ਸਬਰ ਦਾ ਪਿਆਲਾ ਭਰਦਾ ਜਾ ਰਿਹਾ ਹੈ | ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਲੋਕਾਂ ਦੇ ਸਬਰ ਨੂੰ ਹੋਰ ਨਾ ਪਰਖਿਆ ਜਾਵੇ, ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਹ ਹੋਰਨਾਂ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡੇ ਪੱਧਰ 'ਤੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਉਨ੍ਹਾਂ 7 ਮਾਰਚ ਨੰੂ ਰੇਲਾਂ ਰੋਕਣ ਦਾ ਐਲਾਨ ਵੀ ਕੀਤਾ | ਇਸ ਮੌਕੇ ਗੁਰਨਾਮ ਸਿੰਘ ਆੜ੍ਹਤੀ, ਓਮ ਪ੍ਰਕਾਸ਼ ਭਗਤ, ਆਪ ਆਗੂ ਸੁਰਿੰਦਰ ਸਿੰਘ ਸੋਨੂੰ, ਗੁਰਜੀਤ ਬੇਰੀਆਂ, ਬਿ੍ਜ ਮੋਹਨ, ਪਵਨ ਕੁਮਾਰ, ਰਾਮ ਸਰੂਪ, ਪੂਰਨ ਚੰਦ, ਉਂਕਾਰ ਸਿੰਘ, ਸਾਹਿਲ ਮਹਾਜਨ, ਮਦਨ ਲਾਲ ਮੱਧੀ, ਕਰਮਪਾਲ ਸਿੰਘ ਫ਼ੌਜੀ ਅਤੇ ਬਲਕਾਰ ਸਿੰਘ ਆਦਿ ਮੌਜੂਦ ਸਨ |