ਗੁਰਦਾਸਪੁਰ, 26 ਫਰਵਰੀ (ਪੰਕਜ ਸ਼ਰਮਾ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਬੀਤੇ ਦਿਨੀਂ ਥਾਣਾ ਦੋਰਾਂਗਲਾ ਅਧੀਨ ਆਉਂਦੇ ਪਿੰਡ ਆਦੀਆਂ ਦੀ ਚੈੱਕ ਪੋਸਟ 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ | ਉਨ੍ਹਾਂ ਪਿੰਡ ਗਾਦੜੀਆਂ ਵਿਖੇ ਸ਼ਹੀਦ ਏ.ਐਸ.ਆਈ. ਗੁਰਨਾਮ ਸਿੰਘ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਪ੍ਰਗਟ ਕੀਤਾ ਤੇ ਦੇਸ਼ ਲਈ ਆਪਾ ਕੁਰਬਾਨ ਕਰਨ ਵਾਲੇ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਮਾਂ ਬਹੁਤ ਹੀ ਸੰਵੇਦਨਸ਼ੀਲ ਹੈ ਤੇ ਪੰਜਾਬ ਸਰਕਾਰ ਦੀ ਨਾਕਾਮੀ ਹੈ ਕਿ ਪੁਲਿਸ ਚੌਕੀ 'ਚ ਆ ਕੇ ਸਾਡੇ ਪੁਲਿਸ ਜਵਾਨਾਂ ਨੂੰ ਸ਼ਹੀਦ ਕਰ ਗਏ ਹਨ | ਉਨ੍ਹਾਂ ਨੇ ਕਿਹਾ ਕਿ ਇਹ ਪ੍ਰਸ਼ਾਸਨਿਕ ਘਾਟ ਤੇ ਅਨੁਭਵਹੀਣਤਾ ਦੀ ਸਿਖਰ ਦਾ ਪ੍ਰਮਾਣ ਹੈ | ਉਨ੍ਹਾਂ ਕਿਹਾ ਕਿ ਅੱਜ ਰਾਜ 'ਚ ਸਰਕਾਰ ਨਾਂਅ ਦੀ ਕੋਈ ਸੰਸਥਾ ਦਿਖਾਈ ਨਹੀਂ ਦਿੰਦੀ | ਲੋਕ ਡਰ ਤੇ ਸਹਿਮ 'ਚ ਜਿਊਣ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਇਹ ਉਹੀ ਪੁਲਿਸ ਹੈ, ਜਿਸ ਨੇ ਰਾਜ 'ਚ ਅੱਤਵਾਦ ਨੂੰ ਖ਼ਤਮ ਕੀਤਾ, ਪਰ ਅੱਜ ਇਸ ਦੇ ਜਵਾਨ ਖ਼ੁਦ ਹੀ ਸੁਰੱਖਿਅਤ ਨਹੀਂ ਹਨ | ਸੁਨੀਲ ਜਾਖੜ ਨੇ ਕਿਹਾ ਕਿ ਇਹ ਇਸ ਕਾਰਨ ਹੋ ਰਿਹਾ ਹੈ ਕਿ ਕੁਸ਼ਲ ਪ੍ਰਬੰਧਨ ਨਹੀਂ ਹੈ | ਉਨ੍ਹਾਂ ਨੇ ਸਵਾਲ ਕੀਤਾ ਕਿ ਪੰਜਾਬ ਸਰਕਾਰ ਵਲੋਂ ਲਗਾਏ ਗਏ ਐਂਟੀ ਡਰੋਨ ਸਿਸਟਮ 'ਤੇ 50 ਕਰੋੜ ਰੁਪਏ ਖ਼ਰਚ ਕਰਨ ਤੇ ਬਾਵਜੂਦ ਇਸ ਦੇ ਕੋਈ ਸਾਰਥਿਕ ਨਤੀਜੇ ਨਹੀਂ ਨਿਕਲੇ | ਭਾਜਪਾ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਕਦੋਂ ਜਾਗਣਗੇ ਤੇ ਪੰਜਾਬ ਦੇ ਲੋਕਾਂ ਨੂੰ ਹੋਰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ | ਇਸ ਮੌਕੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਗੁਰਦਾਸਪੁਰ ਲੋਕ ਸਭਾ ਇੰਚਾਰਜ ਅਤੇ ਸਾਬਕਾ ਡਿਪਟੀ ਸਪੀਕਰ ਪੰਜਾਬ ਦਿਨੇਸ਼ ਸਿੰਘ ਬੱਬੂ, ਸੂਬਾ ਸਕੱਤਰ ਰੇਣੂ ਕਸ਼ਯਪ, ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਆਦਿ ਮੌਜੂਦ ਸਨ |