ਪਠਾਨਕੋਟ, 26 ਫਰਵਰੀ (ਆਸ਼ੀਸ਼ ਸ਼ਰਮਾ)-ਸਿਵਲ ਹਸਪਤਾਲ ਪਠਾਨਕੋਟ ਵਿਚ ਕੁੱਤਿਆਂ ਦੇ ਕੱਟਣ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ | ਜਿਸ ਨਾਲ ਸ਼ਹਿਰ ਵਾਸੀਆਂ 'ਚ ਚਿੰਤਾ ਦਾ ਮਾਹੌਲ ਬਣ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ. ਡਾ: ਸੁਨੀਲ ਚੰਦ ਨੇ ਦੱਸਿਆ ਕਿ ਜਨਵਰੀ ਮਹੀਨੇ ਦੌਰਾਨ ਕੁੱਤਿਆਂ ਦੇ ਕੱਟਣ ਦੇ 173 ਕੇਸ ਦਰਜ ਕੀਤੇ ਗਏ ਸਨ | ਜਦਕਿ ਫਰਵਰੀ ਮਹੀਨੇ 'ਚ ਇਹ ਗਿਣਤੀ 125 ਰਹੀ | ਹਾਲਾਂਕਿ ਫਰਵਰੀ ਵਿਚ ਕੇਸਾਂ ਦੀ ਗਿਣਤੀ ਘੱਟ ਹੋਈ ਹੈ | ਪਰ ਫਿਰ ਵੀ ਇਹ ਅੰਕੜੇ ਚਿੰਤਾਜਨਕ ਹਨ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਆਉਣ ਵਾਲੇ ਹਰ ਮਰੀਜ਼ ਦਾ ਇਲਾਜ ਤੁਰੰਤ ਤੇ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ | ਕੁੱਤੇ ਦੇ ਕੱਟਣ ਦੀ ਸਥਿਤੀ ਵਿਚ ਰੇਬੀਜ਼ ਤੋਂ ਬਚਾਅ ਲਈ ਟੀਕੇ ਅਤੇ ਹੋਰ ਜ਼ਰੂਰੀ ਦਵਾਈਆਂ ਉਪਲੱਬਧ ਹਨ | ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਨੂੰ ਪੂਰੀ ਸਲਾਹ ਦਿੱਤੀ ਜਾਂਦੀ ਹੈ ਕਿ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਪਾਣੀ ਨਾਲ ਧੋਇਆ ਜਾਵੇ ਅਤੇ ਬਿਨਾਂ ਦੇਰੀ ਕੀਤੇ ਹਸਪਤਾਲ ਪਹੁੰਚਿਆ ਜਾਵੇ | ਡਾ: ਸੁਨੀਲ ਚੰਦ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਵਾਰਾ ਕੁੱਤਿਆਂ ਤੋਂ ਸਾਵਧਾਨ ਰਹਿਣ ਤੇ ਬੱਚਿਆਂ ਨੂੰ ਖ਼ਾਸ ਧਿਆਨ ਨਾਲ ਬਾਹਰ ਖੇਡਣ ਦੌਰਾਨ ਸੁਰੱਖਿਅਤ ਰੱਖਣ |