ਪਠਾਨਕੋਟ, 26 ਫਰਵਰੀ (ਸੰਧੂ/ਵਿਨੋਦ)-ਅੰਮਿ੍ਤਸਰ, ਪੰਜਾਬ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਮਾਨਸਿਕ ਤੰਦਰੁਸਤੀ ਵਿਚ ਵਾਧਾ ਕਰਨ ਲਈ ਭਾਰਤ ਸਰਕਾਰ ਨੇ 10 ਅਕਤੂਬਰ 2022 ਨੂੰ ਟੈਲੀ-ਮਾਨਸ ਪ੍ਰੋਜੈਕਟ ਸ਼ੁਰੂ ਕੀਤਾ ਸੀ | ਟੈਲੀ-ਮਾਨਸ ਇਕ ਟੋਲ ਫ਼ਰੀ ਹੈਲਪ ਲਾਈਨ ਹੈ, ਜੋ ਪੂਰੇ ਭਾਰਤ 'ਚ 24x7 ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਦੀ ਹੈ | ਇਹ 20+ ਤੋਂ ਵੱਧ ਭਾਸ਼ਾਵਾਂ 'ਚ ਉਪਲੱਬਧ ਹੈ | ਉਪਭੋਗਤਾ ਟੋਲ ਫ਼ਰੀ ਹੈਲਪ ਲਾਈਨ ਨੰਬਰ ਯਾਨੀ 1800-89-14416 ਜਾਂ 14416 ਰਾਹੀਂ ਟੈਲੀ-ਮਾਨਸ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ | ਇਹ ਜਾਣਕਾਰੀ ਸਿਵਲ ਸਰਜਨ ਪਠਾਨਕੋਟ ਡਾ: ਸੁਨੀਤਾ ਵਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਉਪਭੋਗਤਾ ਘਰ ਬੈਠੇ ਆਪਣੇ ਫ਼ੋਨ 'ਤੇ ਇਸ ਸੇਵਾ ਦਾ ਆਸਾਨੀ ਨਾਲ ਲਾਭ ਉਠਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਕਾਲਰ ਮਰੀਜ਼ ਦੀ ਸਾਰੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ | ਟੈਲੀ-ਮਾਨਸ ਦੀ ਆਪਣੀ ਇਕ ਮੋਬਾਈਲ ਐਪ ਹੈ | ਜਿਸ ਵਿਚ ਕਈ ਤਰ੍ਹਾਂ ਦੇ ਮੁੱਦਿਆਂ ਜਿਵੇਂ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਚਿੰਤਾ, ਪ੍ਰੀਖਿਆ ਤਣਾਅ, ਡਿਪਰੈਸ਼ਨ, ਵਿੱਤੀ ਤਣਾਅ, ਸੰਕਟ ਪ੍ਰਬੰਧਨ ਤੇ ਪਰਿਵਾਰਕ ਮੁੱਦਿਆਂ ਬਾਰੇ ਸਲਾਹ-ਮਸ਼ਵਰਾ ਕਾਲ 'ਤੇ ਪ੍ਰਦਾਨ ਕੀਤਾ ਜਾਂਦਾ ਹੈ | ਟੈਲੀ-ਮਾਨਸ ਪੰਜਾਬ ਇਸ ਸਾਲ 35000+ ਕਾਲਾਂ ਦੇ ਮੀਲ ਪੱਥਰ 'ਤੇ ਪਹੁੰਚ ਗਿਆ ਹੈ | ਟੈਲੀ-ਮਾਨਸ ਦੇ ਉਪਭੋਗਤਾ ਆਪਣੀ ਮਾਨਸਿਕ ਸਿਹਤ ਸਬੰਧੀ ਚਿੰਤਾਵਾਂ ਦੇ ਅਨੁਸਾਰ ਸਲਾਹਕਾਰਾਂ, ਸਮਾਜ ਸੇਵਕਾਂਅਤੇ ਮਨੋਵਿਗਿਆਨੀ ਨਾਲ ਜੁੜ ਸਕਦੇ ਹਨ | ਉਨ੍ਹਾਂ ਦੱਸਿਆ ਕਿ ਟੈਲੀ ਮਾਨਸ ਲੋੜ ਪੈਣ 'ਤੇ ਵਿਅਕਤੀਗਤ ਤੌਰ 'ਤੇ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ | ਇਸ ਵਿਚ ਵੀਡੀਓ ਕਾਲ ਰਾਹੀਂ ਦਵਾਈ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ |