ਪਠਾਨਕੋਟ, 26 ਫਰਵਰੀ (ਵਿਨੋਦ)-ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨੇ ਰਾਸ਼ਟਰੀ ਮੰਗ ਦਿਵਸ ਮਨਾਇਆ | ਇਸ ਮੌਕੇ ਕਰਮਚਾਰੀ ਆਗੂਆਂ ਨੇ ਆਪਣੀਆਂ 13-ਨੁਕਾਤੀ ਮੰਗਾਂ ਦਾ ਮੰਗ ਪੱਤਰ ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੂੰ ਸੌਂਪਿਆ ਤਾਂ ਜੋ ਇਸ ਨੰੂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਭੇਜਿਆ ਜਾ ਸਕੇ | ਫੈਡਰੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ 23 ਤੋਂ 26 ਜਨਵਰੀ ਤੱਕ ਹੋਈ 18ਵੀਂ ਰਾਸ਼ਟਰੀ ਕਾਨਫ਼ਰੰਸ ਵਿਚ 26 ਫਰਵਰੀ ਨੂੰ ਦੇਸ਼ ਭਰ 'ਚ ਰਾਸ਼ਟਰੀ ਮੰਗ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਸੀ | ਇਸ ਦੇ ਜਵਾਬ 'ਚ ਕਰਮਚਾਰੀ ਜ਼ਿਲ੍ਹਾ ਹੈੱਡ ਕੁਆਰਟਰ 'ਤੇ ਇਕੱਠੇ ਹੋਏ ਤੇ ਮੰਗਾਂ ਦਾ ਸਮਰਥਨ ਕੀਤਾ | ਇਸ ਮੌਕੇ ਪ੍ਰਧਾਨ ਰਵੀ ਦੱਤ ਸ਼ਰਮਾ, ਸੁਭਾਸ਼ ਚੰਦਰ ਤੇ ਰਜਨੀਸ਼ ਕੁਮਾਰ ਨੇ ਮੰਗ ਕੀਤੀ ਕਿ ਸਰਕਾਰ ਐਨ.ਪੀ.ਐਸ/ਯੂ.ਪੀ.ਐਸ ਅਤੇ ਪੈਨਸ਼ਨ ਐਕਟ 2025 ਨੂੰ ਰੱਦ ਕਰੇ ਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਪੂਰੀ ਤਰ੍ਹਾਂ ਬਹਾਲ ਕਰੇ | ਸਾਰੇ ਅਸਥਾਈ ਆਊਟ ਸੋਰਸਡ ਅਤੇ ਰੋਜ਼ਾਨਾ ਤਨਖ਼ਾਹ ਵਾਲੇ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ | ਇਸ ਮੌਕੇ ਸਰਵਿਸ ਫੈਡਰੇਸ਼ਨ ਦੇ ਰਵੀ ਦੱਤ ਸ਼ਰਮਾ, ਸੁਭਾਸ਼ ਚੰਦਰ, ਰਜਨੀਸ਼ ਕੁਮਾਰ, ਰਾਮ ਦਾਸ, ਰਾਜੇਸ਼ ਕੁਮਾਰ, ਕੁਲਦੀਪ ਸਿੰਘ, ਕੁਲਵਿੰਦਰ ਕੁਮਾਰ, ਤਰਸੇਮ ਕੁਮਾਰ, ਕਸ਼ਮੀਰ ਸਿੰਘ, ਰਣਜੋਤ ਕੁਮਾਰ, ਵਿਜੇ ਕੁਮਾਰ, ਰਾਜੇਸ਼ ਕੁਮਾਰ, ਸਤੀਸ਼ ਸ਼ਰਮਾ, ਰਾਜੇਂਦਰ ਕੁਮਾਰ ਆਦਿ ਹਾਜ਼ਰ ਸਨ |