ਦੀਨਾਨਗਰ, 7 ਮਾਰਚ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)- ਸਮਗਰ ਸਿੱਖਿਆ ਅਭਿਆਨ ਤਹਿਤ ਵਿਦਿਆਰਥੀਆਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਵਧਾਉਣ ਦੇ ਮੰਤਵ ਨਾਲ ਬਲਾਕ ਪੱਧਰੀ ਇਕ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਐਸ.ਐਸ ਐਮ.ਕਾਲਜ ਵਿਖੇ ਕਰਵਾਇਆ ਗਿਆ | ਜ਼ਿਲ੍ਹਾ ਸਿੱਖਿਆ ਅਧਿਕਾਰੀ ਪਰਮਜੀਤ ਕੌਰ ਦੀ ਦੇਖ-ਰੇਖ ਤੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਵਿਚ ਵੱਖ ਵੱਖ ਬਲਾਕਾਂ ਦੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ, ਸਹਾਇਕ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਮੁਕੇਸ਼ ਵਰਮਾ ਤੇ ਰਿਸੋਰਸਪਰਸਨ ਹਰੀਸ਼ ਕੁਮਾਰ ਵਲੋਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ 'ਤੇ ਜਾਣਕਾਰੀ ਦਿੱਤੀ ਗਈ | ਮਾਸਟਰ ਟ੍ਰੇਨਿੰਗ ਮੁਕੇਸ਼ ਵਰਮਾ ਨੇ ਪੋਕਸੋ ਐਕਟ 2012, ਜੂਵੇਨਾਈਲ ਜਸਟਿਸ ਐਕਟ 2015, ਚਾਈਲਡ ਲੇਬਰ ਐਕਟ 1986, ਸੀ.ਪੀ.ਸੀ.ਆਰ ਐਕਟ 2005, ਆਰ.ਟੀ.ਈ ਐਕਟ 2009, ਸੁਪਰੀਮ ਕੋਰਟ ਦੇ ਨਿਰਦੇਸ਼, ਐਨ.ਡੀ.ਐਮ.ਏ. ਗਾਈਡਲਾਈਨਸ 2021, ਡਿਜਾਸਟਰ ਮੈਨੇਜਮੈਂਟ, ਸਾਈਬਰ ਸੁਰੱਖਿਆ ਤੇ ਰੋਡ ਸੇਫ਼ਟੀ ਵਰਗੇ ਵਿਸ਼ਿਆਂ ਬਾਰੇ ਜਾਗਰੂਕ ਕੀਤਾ | ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਨੇ ਕਿਹਾ ਕਿ ਸਕੂਲਾਂ 'ਚ ਸੁਰੱਖਿਆ ਮਾਪਦੰਡਾਂ ਦੀ ਪ੍ਰਭਾਵਸ਼ਾਲੀ ਪਾਲਨਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੈ | ਉਨ੍ਹਾਂ ਨੇ ਅਧਿਆਪਕਾਂ ਨੂੰ ਸਕੂਲਾਂ 'ਚ ਸੁਰੱਖਿਅਤ ਤੇ ਵਧੀਆ ਵਾਤਾਵਰਨ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਤੇ ਵਿਦਿਆਰਥੀਆਂ ਪ੍ਰਤੀ ਸੰਵੇਦਨਸ਼ੀਲ ਤੇ ਜਾਗਰੂਕ ਰਹਿਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਪਿ੍ੰਸੀਪਲ ਡਾ: ਆਰ.ਕੇ. ਤੁਲੀ, ਪ੍ਰੋ: ਪ੍ਰਬੋਧ ਗਰੋਵਰ, ਪ੍ਰੋ: ਸੋਨੂੰ ਮੰਗੋਤਰਾ, ਸੁਸ਼ਮਾ ਅੱਤਰੀ ਸਮੇਤ ਵੱਖ-ਵੱਖ ਬਲਾਕਾਂ ਤੋਂ ਆਏ ਅਧਿਆਪਕ ਹਾਜ਼ਰ ਸਨ |