ਗੁਰਦਾਸਪੁਰ, 7 ਮਾਰਚ (ਪੰਕਜ ਸ਼ਰਮਾ)- ਸਥਾਨਿਕ ਸ਼ਹਿਰ ਦੇ ਜਹਾਜ਼ ਚੌਕ ਜੀ.ਟੀ. ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਦੀ ਨਿਚਲੀ ਮੰਜ਼ਿਲ ਨੂੰ ਸਵੇਰੇ ਤੜਕਸਾਰ ਭਿਆਨਕ ਅੱਗ ਲੱਗ ਗਈ | ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਹਾਲਾਂਕਿ ਅੱਗ ਨਾਲ ਹੋਏ ਨੁਕਸਾਨ ਦਾ ਅਜੇ ਅੰਦਾਜ਼ਾ ਨਹੀਂ ਲੱਗ ਸਕਿਆ ਪਰ ਬੈਂਕ ਵਿਚ ਰੱਖਿਆ ਸਾਰਾ ਸਮਾਨ ਤੇ ਰਿਕਾਰਡ ਸੁਆਹ ਹੋ ਗਿਆ ਹੈ | ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਨੇ ਲਗਾਤਾਰ ਕਰੀਬ ਸਾਢੇ ਤਿੰਨ ਘੰਟੇ ਦੀ ਭਾਰੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਬੈਂਕ ਮੈਨੇਜਰ ਗਗਨਦੀਪ ਸਿੰਘ ਬਾਜਵਾ, ਫਾਇਰ ਬਿ੍ਗੇਡ ਮੁਲਾਜ਼ਮ ਸੁਖਵਿੰਦਰਪਾਲ ਸਿੰਘ ਅਤੇ ਏ.ਐਸ.ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੈਂਕ ਵਿਚ ਭਿਆਨਕ ਅੱਗ ਲੱਗ ਗਈ ਹੈ | ਜਦੋਂ ਉਨ੍ਹਾਂ ਨੇ ਪਹੁੰਚ ਕੇ ਦੇਖਿਆ ਤਾਂ ਬੈਂਕ ਨੂੰ ਅੱਗ ਨੇ ਬੁਰੀ ਤਰ੍ਹਾਂ ਨਾਲ ਆਪਣੀ ਲਪੇਟ 'ਚ ਲਿਆ ਹੋਇਆ ਸੀ ਤੇ ਅੱਗ ਦੀਆਂ ਲਪਟਾਂ ਨਿਕਲ ਕੇ ਅਸਮਾਨ ਛੂਹ ਰਹੀਆਂ ਸਨ | ਫਾਇਰ ਬਿ੍ਗੇਡ ਨੇ ਤੁਰੰਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਤਿੰਨ ਗੱਡੀਆਂ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਇਆ ਗਿਆ ਪਰ ਫ਼ਿਲਹਾਲ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ |