ਧਾਰੀਵਾਲ, 7 ਮਾਰਚ (ਜੇਮਸ ਨਾਹਰ)- ਡਾਇਓਸਿਸ ਆਫ ਜਲੰਧਰ ਦੇ ਬਿਸ਼ਪ ਜੋਸ ਸੇਬਾਸਟੀਅਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰੋਜ਼ਿਆਂ ਦੇ ਖਾਸ ਸਮੇਂ ਵਿਚ 8 ਮਾਰਚ ਨੂੰ ਕੈਥੋਲਿਕ ਕਲੀਸੀਆ ਵਲੋਂ ਰੋਜ਼ਾ ਰੱਖ ਕੇ ਵਿਸ਼ਵ ਦੀ ਸ਼ਾਂਤੀ ਲਈ ਪ੍ਰਭੁ ਯਿਸੂ ਮਸੀਹ ਅੱਗੇ ਪ੍ਰਾਰਥਨਾ ਕੀਤੀ ਜਾਵੇਗੀ | ਇਹ ਜਾਣਕਾਰੀ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ (ਸੋਹਲ) ਦੇ ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਸ ਪਡਿਆਟੀ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਅੱਜ ਵਿਸ਼ਵ ਸ਼ਾਂਤੀ ਦੀ ਪ੍ਰਾਰਥਨਾ ਦੇ ਦਿਨ ਵਜੋਂ ਮਨਾਇਆ ਜਾਵੇਗਾ | ਇਸ ਤੋਂ ਇਲਾਵਾ ਸ਼ੁੱਕਰਵਾਰ 13 ਮਾਰਚ ਨੂੰ ਵੀ ਰੋਜ਼ਾ ਰੱਖ ਕੇ ਸੰਸਾਰ ਭਰ ਵਿਚ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਹਿੰਸਾ ਤੇ ਸੰਘਰਸ਼ ਨਾਲ ਪ੍ਰਭਾਵਿਤ ਮਾਨਵਜਾਤੀ ਦੀ ਸੁਰੱਖਿਆ ਲਈ ਆਪਣੀਆਂ ਅਰਜੋਈਆ ਪ੍ਰਭੂ ਯਿਸੂ ਮਸੀਹ ਅੱਗੇ ਅਰਪਣ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਅੱਜ ਤੋਂ 14 ਮਾਰਚ ਤੱਕ ਰੋਜ਼ਾਨਾ ਲਗਾਤਾਰ ਵਿਸ਼ਵ ਸ਼ਾਂਤੀ ਲਈ ਵਿਸ਼ੇਸ਼ ਤੌਰ 'ਤੇ ਪਵਿੱਤਰ ਰੋਜ਼ਰੀ ਮਾਲਾ ਦਾ ਜਾਪ ਕੀਤਾ ਜਾਵੇਗਾ |