ਬਟਾਲਾ, 8 ਮਾਰਚ (ਸਤਿੰਦਰ ਸਿੰਘ)- ਸੂਬੇ ਅੰਦਰ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰਦੇ ਅਧਿਆਪਕਾਂ/ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਕਰ ਕੇ ਰੋਸ ਵਜੋਂ ਵਿਧਾਨ ਸਭਾ ਵੱਲ ਮਾਰਚ ਕਰਦੇ ਮੁਲਾਜ਼ਮਾਂ, ਅਧਿਆਪਕਾਂ 'ਤੇ ਸਰਕਾਰ ਦੇ ਜ਼ਬਰ ਜੁਲਮ ਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੂਬਾ ਕਨਵੀਨਰ ਗੁਰਿੰਦਰ ਸਿੰਘ ਸਿੱਧੂ, ਜਨਰਲ ਸਕੱਤਰ ਪੰਜਾਬ ਪ੍ਰਸ਼ਾਂਤ ਰਈਆ, ਮੁੱਖ ਬੁਲਾਰਾ ਹਰਬੰਸ ਸਿੰਘ ਭੋਲਾ ਤੇ ਸੁਲੱਖਣ ਸਿੰਘ ਬੇਰੀ ਸੀਨੀਅਰ ਮੀਤ ਪ੍ਰਧਾਨ ਨੇ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿਚ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਵੀ ਭੁੱਲ ਗਈ ਹੈ ਤੇ ਆਮ ਲੋਕਾਂ ਦੇ ਬੁਨਿਆਦੀ ਹੱਕ ਮਾਰ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਖੇਡ ਰਹੀ ਹੈ ਪਰ ਮੁਲਾਜ਼ਮਾਂ ਦੇ ਬਣਦੇ ਹੱਕ ਜਿਵੇ ਕਿ ਪੁਰਾਣੀ ਪੈਨਸ਼ਨ ਬਹਾਲੀ, 16 ਫੀਸਦੀ ਡੀ.ਏ., ਕੱਟੇ ਹੋਏ ਭੱਤਿਆਂ ਨੂੰ ਮੁੜ ਵਾਪਸ ਦੇਣ ਲਈ ਤਿਆਰ ਨਹੀਂ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸ਼ਾਹ ਤੇ ਜਨਰਲ ਸਕੱਤਰ ਬਲਵਿੰਦਰ ਰਾਜ ਨੇ ਕਿਹਾ ਕਿ ਸਰਕਾਰ ਸਰਕਾਰੀ ਖਜ਼ਾਨੇ ਦੀ ਵਰਤੋਂ ਆਪਣੀ ਪਾਰਟੀ ਦੀ ਮਸ਼ਹੂਰੀ ਤੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਲਈ ਕਰ ਰਹੀ ਹੈ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਸੜਕਾਂ 'ਤੇ ਰੋਲ ਰਹੀ ਹੈ ਪਰ ਸਰਕਾਰ ਦੇ ਜ਼ਬਰ ਜੁਲਮ ਅੱਗੇ ਪੰਜਾਬ ਦੇ ਮੁਲਾਜ਼ਮ ਨਹੀਂ ਝੁਕਣਗੇ ਤੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਨਗੇ | ਇਸ ਮੌਕੇ ਸਰਬਜੀਤ ਸਿੰਘ ਔਲਖ, ਪਰਮਜੀਤ ਸਿੰਘ, ਹਰਜੀਤ ਸਿੰਘ ਮਲਕਪੁਰ, ਜਗਜੀਤ ਸਿੰਘ ਬੇਦੀ, ਜਸਪਾਲ ਸਿੰਘ ਕਾਹਲੋਂ, ਧਰਮਿੰਦਰ ਸਿੰਘ, ਗੁਰਮੁੱਖ ਸਿੰਘ, ਸਤਵਿੰਦਰ ਸਿੰਘ ਰਿਆੜ, ਜਗਤਾਰ ਸ਼ਿੰਘ ਬੇਦੀ, ਸ਼ਰਬਜੀਤ ਸਿੰਘ ਭਿੰਡਰ, ਕੀਮਤੀ ਲਾਲ, ਤੇਜਿੰਦਰ ਸਿੰਘ ਮੱਲ੍ਹੀ, ਗੁਰਦੀਪ ਸਿੰਘ ਪੰਨੂੰ, ਹਰਪ੍ਰੀਤ ਕੋਹਾੜ, ਕਰਮਜੀਤ ਸਿੰਘ ਬਾਜਵਾ ਆਦਿ ਹਾਜ਼ਰ ਸਨ |
ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਵਿਧਾਨ ਸਭਾ ਵੱਲ ਮਾਰਚ ਕਰਦੇ ਅਧਿਆਪਕਾਂ 'ਤੇ ਲਾਠੀਚਾਰਜ ਦੀ ਨਿਖੇਧੀ
ਅਜੀਤ ਡੈਸਕ
09-03-2026