ਕਾਦੀਆਂ, 8 ਮਾਰਚ (ਕੁਲਵਿੰਦਰ ਸਿੰਘ)- ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਪੁਰਾਣੇ ਵਿਦਿਆਰਥੀ ਅਤੇ ਐਨ.ਆਰ.ਆਈ. ਡਾਕਟਰ ਪਾਲ ਸਿੰਘ ਵਿਰਕ ਅਮਰੀਕਾ ਵਲੋਂ ਕਾਲਜ ਦੇ ਲੋੜਵੰਦ ਹੋਣਹਾਰ ਵਿਦਿਆਰਥੀਆਂ ਲਈ ਸਹਾਇਤਾ ਰਾਸ਼ੀ ਵਜੋਂ 5 ਲੱਖ ਦਾ ਚੈੱਕ ਭੇਟ ਕੀਤਾ ਹੈ | ਡਾਕਟਰ ਪਾਲ ਸਿੰਘ ਵਿਰਕ ਜੋ ਇਸ ਸਮੇਂ ਅਮਰੀਕਾ ਰਹਿ ਰਹੇ ਹਨ, ਨੇ ਸੰਨ 1963-67 ਦੌਰਾਨ ਇਸ ਕਾਲਜ ਤੋਂ ਵਿੱਦਿਆ ਹਾਸਲ ਕੀਤੀ ਸੀ | ਬੀਤੇ ਦਿਨ ਕਾਲਜ ਵਿਖੇ ਪਹੁੰਚ ਕੇ ਜਿੱਥੇ ਉਨ੍ਹਾਂ ਨੇ ਆਪਣੀਆਂ ਪੁਰਾਣੀਆਂ ਯਾਦਾਂ ਕਾਲਜ ਸਟਾਫ਼ ਨਾਲ ਸਾਂਝੀਆਂ ਕੀਤੀਆਂ ਉਥੇ ਉਨ੍ਹਾਂ ਨੇ ਮੌਜੂਦਾ ਸਮੇਂ ਦੌਰਾਨ ਲੋੜਵੰਦ ਹੋਣਹਾਰ ਵਿਦਿਆਰਥੀਆਂ ਦੀ ਮਦਦ ਕਰਦਿਆਂ ਆਪਣੇ ਵਲੋਂ ਪੰਜ ਲੱਖ ਰੁਪਏ ਦੀ ਸਹਾਇਤਾ ਭੇਟ ਕੀਤੀ ਹੈ | ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਵਲੋਂ ਡਾਕਟਰ ਪਾਲ ਸਿੰਘ ਵਿਰਕ ਦਾ ਨਿੱਘਾ ਸਵਾਗਤ ਕੀਤਾ ਤੇ 5 ਲੱਖ ਰੁਪਏ ਸਹਾਇਤਾ ਕਰਨ 'ਤੇ ਧੰਨਵਾਦ ਪ੍ਰਗਟ ਕੀਤਾ | ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ ਸ: ਗੁਰਦੇਵ ਸਿੰਘ ਬਰਾੜ ਤੇ ਸਕੱਤਰ ਕਰਨਲ ਜਸਮੇਰ ਸਿੰਘ ਬਾਲਾ ਤੇ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਸ: ਕਸ਼ਮੀਰ ਸਿੰਘ ਬੋਪਾਰਾਏ ਤੇ ਸਮੂਹ ਮੈਂਬਰਾਂ ਵਲੋਂ ਡਾ. ਵਿਰਕ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਬੇਸ਼ੱਕ ਵਿਦੇਸ਼ ਵਿਚ ਚਲੇ ਗਏ ਹਨ ਪਰ ਇਸ ਦੇ ਬਾਵਜੂਦ ਆਪਣੇ ਇਲਾਕੇ ਤੇ ਪੁਰਾਣੇ ਕਾਲਜ ਨਾਲ ਜੁੜੇ ਹੋਏ ਹਨ | ਇਸ ਰਾਸ਼ੀ ਨਾਲ ਉਨ੍ਹਾਂ ਦੀ ਇੱਛਾ ਮੁਤਾਬਕ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇਗੀ |