ਬਟਾਲਾ, 8 ਮਾਰਚ (ਸਤਿੰਦਰ ਸਿੰਘ)- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜਿਵੇਂ ਹੀ ਵਿੱਤ ਮੰਤਰੀ ਨੇ ਮੁੱਖ ਮੰਤਰੀ ਮਾਵਾਂ, ਧੀਆਂ, ਸਤਿਕਾਰ ਯੋਜਨਾ ਤਹਿਤ ਮਹਿਲਾਵਾਂ ਨੂੰ 1000 ਅਤੇ 1500 ਰੁਪਏ ਦੇਣ ਦਾ ਐਲਾਨ ਕੀਤਾ ਤਾਂ ਬਟਾਲਾ ਵਿਖੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਨਹਿਰੂ ਗੇਟ ਵਿਖੇ ਲਗਾਈ ਵੱਡੀ ਸਕਰੀਨ ਉੱਤੇ ਬਜਟ ਦਾ ਲਾਈਵ ਪ੍ਰਸਾਰਣ ਦੇਖ ਰਹੀਆਂ ਹਜ਼ਾਰਾਂ ਔਰਤਾਂ ਨੇ ਢੋਲ ਦੇ ਡਗੇ 'ਤੇ ਨੱਚ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ ਤੇ ਭਗਵੰਤ ਮਾਨ ਸਰਕਾਰ ਦੇ ਗਾਰੰਟੀਆਂ ਪੂਰੀਆਂ ਕਰਨ ਦੇ ਅਕਾਸ਼ ਗੂੰਜਾਊ ਨਾਅਰੇ ਲਗਾ ਕੇ ਮੇਲੇ ਵਰਗੇ ਮਾਹੌਲ ਵਿਚ ਹੋਰ ਉਤਸ਼ਾਹ ਭਰ ਦਿੱਤਾ | ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਮਾਵਾਂ, ਧੀਆਂ ਸਤਿਕਾਰ ਯੋਜਨਾ' ਸ਼ੁਰੂ ਕਰ ਕੇ ਸਰਕਾਰ ਨੇ ਗਾਰੰਟੀ ਪੂਰੀ ਕਰ ਦਿੱਤੀ ਹੈ ਜਿਸ ਨਾਲ ਮਾਵਾਂ-ਧੀਆਂ 'ਚ ਖੁਸ਼ੀ ਦਾ ਮਾਹੌਲ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕੀਤਾ ਹੈ ਤੇ ਲੋਕ ਹਿੱਤ ਵਿਚ ਵੱਡੇ ਇਤਿਹਾਸਕ ਫ਼ੈਸਲੇ ਲਏ ਗਏ ਹਨ | ਗਾਰੰਟੀਆਂ ਪੂਰੀਆਂ ਕਰਨ ਵਾਲੇ ਬਜਟ ਦਾ ਸਿੱਧਾ ਪ੍ਰਸਾਰਣ ਵੱਡੀਆਂ ਐੱਲ.ਈ.ਡੀ. ਸਕਰੀਨਾਂ ਉਤੇ ਦੇਖਣ ਲਈ ਸਵੇਰ ਤੋਂ ਹੀ ਇੱਕਠੀਆਂ ਹੋਈਆਂ ਹਜ਼ਾਰਾਂ ਔਰਤਾਂ ਤੇ ਇਲਾਕੇ ਦੇ ਪਤਵੰਤੇ ਨਾਗਰਿਕਾਂ ਨੇ ਮੇਲੇ ਵਰਗਾ ਮਾਹੌਲ ਬਣਾਇਆ ਹੋਇਆ ਸੀ | ਜਿਵੇਂ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਗਾਰੰਟੀਆਂ ਪੂਰੀਆਂ ਕਰਨ ਵਾਲੇ ਬਜਟ ਵਿਚ ਮਹਿਲਾਵਾਂ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਮਹਿਲਾਵਾਂ ਲਈ 1500 ਰੁਪਏ ਪ੍ਰਤੀ ਮਹੀਨਾ ਸਿੱਧੇ ਖਾਤੇ ਵਿਚ ਪਾਉਣ ਦਾ ਐਲਾਨ ਕੀਤਾ ਤਾਂ ਢੋਲ ਦੀ ਥਾਪ 'ਤੇ ਹਾਜ਼ਰ ਮਹਿਲਾਵਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ | ਪਟਾਕਿਆਂ ਦੀ ਗੂੰਜ ਵਿਚ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਹਾਜ਼ਰ ਮਹਿਲਾਵਾਂ ਨੇ ਭਗਵੰਤ ਮਾਨ ਸਰਕਾਰ ਜਿੰਦਾਬਾਦ ਦੇ ਨਾਅਰੇ ਲਗਾਏ ਤੇ ਸਰਕਾਰ ਨੂੰ ਗਾਰੰਟੀਆਂ ਪੂਰੀਆਂ ਕਰਨ ਵਾਲੀ ਸਰਕਾਰ ਦੱਸਿਆ | ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਚੇਅਰਮੈਨ ਮਾਨਿਕ ਮਹਿਤਾ, ਅੰਮਿ੍ਤ ਕਲਸੀ, ਤਰੁਣ ਕਲਸੀ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਮਾਸਟਰ ਤਿਲਕ ਰਾਜ, ਅਮਿਤ ਸੋਢੀ, ਐਮ.ਸੀ. ਬਲਵਿੰਦਰ ਸਿੰਘ ਮਿੰਟਾ, ਪ੍ਰਧਾਨ ਵੀਨੂੰ ਕਾਹਲੋਂ, ਅਮਰੀਕ ਸਿੰਘ ਨੰਬਰਦਾਰ, ਜਸਪਾਲ ਸਿੰਘ, ਪ੍ਰਦੀਪ ਕੁਮਾਰ ਆਦਿ ਮੌਜੂਦ ਸਨ | 8ਬੀਟੀਐਲ31