ਪਠਾਨਕੋਟ, 10 ਮਾਰਚ (ਸੰਧੂ)-ਪਠਾਨਕੋਟ ਸ਼ਹਿਰ ਵਿਚ ਪਾਬੰਦੀਸ਼ੁਦਾ ਲਿਫਾਫੇ ਦੇ ਇਸਤੇਮਾਲ ਖ਼ਿਲਾਫ਼ ਨਗਰ ਨਿਗਮ ਦੀ ਹੈਲਥ ਬਰਾਂਚ ਵਲੋਂ ਅਭਿਆਨ ਲਗਾਤਾਰ ਜਾਰੀ ਹੈ | ਇਸ ਸਬੰਧੀ ਅੱਜ ਮਿਸ਼ਨ ਰੋਡ ਇਲਾਕੇ ਵਿਚ ਚੈਕਿੰਗ ਮੁਹਿੰਮ ਤਹਿਤ ਤਿੰਨ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ | ਨਗਰ ਨਿਗਮ ਪਠਾਨਕੋਟ ਦੇ ਚੀਫ਼ ਸੈਨੇਟਰੀ ਅਫ਼ਸਰ ਵਿਕਰਮਜੀਤ ਨੇ ਦੱਸਿਆ ਕਿ ਮਿਸ਼ਨ ਰੋਡ ਇਲਾਕੇ ਵਿਚ ਕੀਤੀ ਗਈ ਜਾਂਚ ਦੌਰਾਨ ਤਿੰਨ ਦੁਕਾਨਦਾਰਾਂ ਕੋਲੋਂ ਕਰੀਬ 18 ਕਿੱਲੋ ਪਾਬੰਦੀਸ਼ੁਦਾ ਲਿਫਾਫੇ ਬਰਾਮਦ ਹੋਏ | ਇਸ ਮਾਮਲੇ ਵਿਚ ਤਿੰਨਾਂ ਦੇ ਖ਼ਿਲਾਫ਼ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਧਾਰਾ 16/ਬੀ ਤਹਿਤ ਚਲਾਨ ਕੱਟਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਸੰਬੰਧਿਤ ਦੁਕਾਨਦਾਰਾਂ ਨੂੰ ਸੱਤ ਦਿਨਾਂ ਦੇ ਅੰਦਰ ਆਪਣਾ ਜਵਾਬ ਪੇਸ਼ ਕਰਨ ਲਈ ਕਿਹਾ ਗਿਆ ਹੈ | ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਲਿਫਾਫੇ ਦੀ ਥਾਂ ਕੱਪੜੇ ਜਾਂ ਹੋਰ ਵਾਤਾਵਰਨ ਅਨੁਕੂਲ ਥੈਲਿਆਂ ਦਾ ਇਸਤੇਮਾਲ ਕਰਨ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ਹਿਰ ਵਿਚ ਲਿਫਾਫਿਆਂ ਖ਼ਿਲਾਫ਼ ਇਹ ਅਭਿਆਨ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |