ਘਰੋਟਾ, 10 ਮਾਰਚ (ਸੰਜੀਵ ਗੁਪਤਾ)-ਮਹਿਲਾਵਾਂ ਸਮਾਜ ਦੀ ਤਰੱਕੀ ਅਤੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਉਹ ਹਰ ਖੇਤਰ ਵਿਚ ਆਪਣੀ ਯੋਗਤਾ ਸਾਬਤ ਕਰ ਰਹੀਆਂ ਹਨ | ਇਹ ਵਿਚਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈ:) ਕਮਲਦੀਪ ਕੌਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਰੱਖੇ ਪ੍ਰੋਗਰਾਮ ਮੌਕੇ ਪ੍ਰਗਟ ਕੀਤੇ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਦੀ ਵਿਸ਼ੇਸ਼ ਤੌਰ 'ਤੇ ਮੌਜੂਦਾ ਸਨ | ਕਮਲਦੀਪ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਮਹਿਲਾਵਾਂ ਸਿੱਖਿਆ, ਸਿਹਤ, ਪ੍ਰਸ਼ਾਸਨ, ਖੇਡਾਂ ਅਤੇ ਵਪਾਰ ਸਮੇਤ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ | ਮਹਿਲਾਵਾਂ ਦੀ ਭਾਗੀਦਾਰੀ ਤੋਂ ਬਿਨਾਂ ਸਮਾਜ ਦੀ ਤਰੱਕੀ ਸੰਭਵ ਨਹੀਂ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਮਹਿਲਾਵਾਂ ਦੀ ਸ਼ਸ਼ਕਤੀਕਰਨ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮਕਸਦ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣਾ ਹੈ | ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ ਨੇ ਕਿਹਾ ਕਿ ਔਰਤ ਪਰਿਵਾਰ ਅਤੇ ਸਮਾਜ ਦੇ ਹਰ ਰਿਸ਼ਤੇ ਨੂੰ ਪੂਰੀ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਕਈ ਵਾਰ ਉਹ ਇਸ ਦੌਰਾਨ ਆਪਣੀ ਖ਼ੁਦ ਦੀ ਪਹਿਚਾਣ ਅਤੇ ਹਸਤੀ ਨੂੰ ਵੀ ਭੁੱਲ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਬੇਟੀਆਂ ਨੂੰ ਸਿੱਖਿਆ ਦੇ ਨਾਲ-ਨਾਲ ਆਤਮ ਵਿਸ਼ਵਾਸ ਅਤੇ ਸੁਤੰਤਰਤਾ ਦੀ ਸੋਚ ਦੇਣੀ ਚਾਹੀਦੀ ਹੈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨੇ ਕਿਹਾ ਕਿ ਸਮਾਜ ਦੀ ਤਰੱਕੀ ਲਈ ਮਹਿਲਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਹਰ ਖੇਤਰ ਵਿਚ ਔਰਤਾਂ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੀਆਂ ਹਨ ਅਤੇ ਸਾਨੂੰ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਸਵੀਕਾਰ ਕਰਕੇ ਸਨਮਾਨ ਦੇਣਾ ਚਾਹੀਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਹਿਲਾਵਾਂ ਨੂੰ ਬਰਾਬਰ ਮੌਕੇ ਦੇ ਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੋਤਸਾਹਿਤ ਕੀਤਾ ਜਾਵੇ | ਇਸ ਮੌਕੇ ਲਲਿਤਾ ਦੇਵੀ, ਨੀਲਮ, ਰਾਜੇਸ਼ ਸ਼ਰਮਾ, ਰਾਜਪ੍ਰੀਤ ਕੌਰ, ਰੀਨਾ ਸ਼ਰਮਾ, ਅਜੇ ਕੁਮਾਰ, ਚੇਤਨ ਕੁਮਾਰ, ਫ਼ਰਜ਼ੰਦ ਮਸੀਹ, ਤਰੁਣ ਪਠਾਨੀਆ, ਜਗਰੇਲ ਸਿੰਘ, ਮਲਕੀਤ ਸਿੰਘ, ਮੋਹਿੰਦਰ ਸਿੰਘ, ਨਰਿੰਦਰ ਸਿੰਘ, ਨਿਸ਼ਾਨ ਸਿੰਘ, ਰਾਜੇਸ਼ ਕੁਮਾਰ, ਸੁਮਿਤ ਰਾਜ, ਸੁਮਿਤ ਸਾਰੰਗਲ, ਵਿੱਦਿਆ ਸਾਗਰ, ਵਿਨੋਦ ਕੁਮਾਰ ਅਤੇ ਬਲਕਾਰ ਅੱਤਰੀ ਆਦਿ ਹਾਜ਼ਰ ਸਨ |