ਘਰੋਟਾ, 10 ਮਾਰਚ (ਸੰਜੀਵ ਗੁਪਤਾ)-ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿੰਡ ਕੁੰਡੇ ਫ਼ਿਰੋਜ਼ਪੁਰ ਵਿਖੇ ਮਹਾਨ ਮਜ਼ਦੂਰ ਕੰਠ ਕਵੀ ਗਿਆਨ ਚੰਦ ਨੂੰ ਸਮਰਪਿਤ ਗਰਾਮੀਣ ਮਿੰਨੀ ਪੈਲੇਸ ਦੇ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਪ੍ਰੋਜੈਕਟ ਨਾਲ ਇਲਾਕੇ ਦੇ ਦਸ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲਣ ਦੀ ਉਮੀਦ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਕੁੰਡੇ ਫ਼ਿਰੋਜ਼ਪੁਰ ਦੇ ਲੋਕ ਲੰਬੇ ਸਮੇਂ ਤੋਂ ਗਰਾਮੀਣ ਮਿੰਨੀ ਪੈਲੇਸ ਦੀ ਮੰਗ ਕਰਦੇ ਆ ਰਹੇ ਸਨ | ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਇਸ ਤਰ੍ਹਾਂ ਦੀ ਕੋਈ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਵਿਆਹ-ਸ਼ਾਦੀਆਂ, ਸਮਾਜਿਕ ਸਮਾਗਮਾਂ ਅਤੇ ਹੋਰ ਛੋਟੇ-ਮੋਟੇ ਪ੍ਰੋਗਰਾਮ ਕਰਨ ਲਈ ਦੂਰ ਦਰਾਜ਼ ਦੇ ਮਹਿੰਗੇ ਪੈਲੇਸਾਂ ਵਿੱਚ ਜਾਣਾ ਪੈਂਦਾ ਸੀ, ਜਿਸ ਨਾਲ ਲੋਕਾਂ ਨੂੰ ਆਰਥਿਕ ਬੋਝ ਦਾ ਸਾਹਮਣਾ ਕਰਨਾ ਪੈਂਦਾ ਸੀ | ਸਰਪੰਚ ਮਾਸਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੀਆਂ ਕੋਸ਼ਿਸ਼ਾਂ ਸਦਕਾ ਇਹ ਗਰਾਮੀਣ ਮਿੰਨੀ ਪੈਲੇਸ ਮਨਜ਼ੂਰ ਹੋਇਆ ਹੈ ਅਤੇ ਇਸ ਲਈ ਲੋੜੀਂਦੇ ਫ਼ੰਡ ਵੀ ਮੁਹੱਈਆ ਕਰਵਾਏ ਗਏ ਹਨ | ਉਨ੍ਹਾਂ ਕਿਹਾ ਕਿ ਇਸ ਮਿੰਨੀ ਪੈਲੇਸ ਦੇ ਨਿਰਮਾਣ ਨਾਲ ਇਲਾਕੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਣ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਮਿੰਨੀ ਪੈਲੇਸ ਦਾ ਲਾਭ ਪਿੰਡ ਕੁੰਡੇ ਫ਼ਿਰੋਜ਼ਪੁਰ, ਸ਼ਹੀਦਪੁਰ, ਬੱਸੀ ਬਹਿਲਾਦਪੁਰ, ਬੱਸੀ ਅਫਗਾਨਾ, ਭਵਾਨੀ, ਸੈਦੋਵਾਲ ਸਮੇਤ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ | ਇਸ ਸਹੂਲਤ ਦੇ ਬਣਨ ਨਾਲ ਇਲਾਕੇ ਦੇ ਲੋਕ ਆਪਣੇ ਛੋਟੇ-ਮੋਟੇ ਸਮਾਗਮ, ਵਿਆਹ-ਸ਼ਾਦੀਆਂ ਅਤੇ ਸਮਾਜਿਕ ਪ੍ਰੋਗਰਾਮ ਸਥਾਨਕ ਪੱਧਰ 'ਤੇ ਹੀ ਕਰ ਸਕਣਗੇ ਅਤੇ ਉਨ੍ਹਾਂ ਨੂੰ ਮਹਿੰਗੇ ਪੈਲੇਸਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ | ਸਰਪੰਚ ਨੇ ਕਿਹਾ ਕਿ ਗਰਾਮੀਣ ਮਿੰਨੀ ਪੈਲੇਸ ਦੇ ਬਣਨ ਨਾਲ ਨਾ ਸਿਰਫ਼ ਲੋਕਾਂ ਨੂੰ ਸਹੂਲਤ ਮਿਲੇਗੀ, ਸਗੋਂ ਇਲਾਕੇ ਦੇ ਸਮਾਜਿਕ ਅਤੇ ਸਾਂਸਕਿ੍ਤਿਕ ਕਾਰਜਾਂ ਨੂੰ ਵੀ ਨਵਾਂ ਮੰਚ ਮਿਲੇਗਾ, ਜਿਸ ਨਾਲ ਪਿੰਡਾਂ ਵਿੱਚ ਆਪਸੀ ਭਾਈਚਾਰਾ ਅਤੇ ਸਮਾਜਿਕ ਏਕਤਾ ਹੋਰ ਮਜ਼ਬੂਤ ਹੋਵੇਗੀ | ਪੰਚ ਗੁਰਨਾਮ ਸਿੰਘ, ਦੀਪਾ ਕੁਮਾਰੀ, ਅਮਰਜੀਤ ਕੌਰ ,ਕਮਲੇਸ਼ ਰਾਣੀ ਸਮੇਤ ਹੋਰ ਵੀ ਹਾਜ਼ਰ ਸਨ |