ਕਲਾਨੌਰ, 10 ਮਾਰਚ (ਪੁਰੇਵਾਲ)-ਅੱਖਾਂ ਦੀਆਂ ਬੀਮਾਰੀਆਂ ਦੇ ਇਲਾਜ਼ ਲਈ ਨਾਮਵਰ ਕੇ.ਡੀ. ਅੱਖਾਂ ਦੇ ਹਸਪਤਾਲ ਦੀ ਕਲਾਨੌਰ 'ਚ ਪੱਡਾ ਮਾਰਕਿਟ ਵਿਖੇ ਸਥਿਤ ਬ੍ਰਾਂਚ 'ਚ ਅੱਖਾਂ ਦੀ ਮੁਫ਼ਤ ਜਾਂਚ ਲਈ ਕੈਂਪ ਲਗਾਇਆ ਗਿਆ, ਜਿਸ 'ਚ ਇਸ ਖੇਤਰ 'ਚੋਂ ਵੱਡੀ ਗਿਣਤੀ 'ਚ ਅੱਖਾਂ ਦੀਆਂ ਬਿਮਾਰੀਆਂ ਨਾਲ ਪੀੜ੍ਹਤਾਂ ਵਲੋਂ ਲਾਭ ਲਿਆ ਗਿਆ | ਕੇ.ਡੀ. ਅੱਖਾਂ ਦੇ ਹਸਪਤਾਲ ਦੀ ਕਲਾਨੌਰ ਬ੍ਰਾਂਚ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਡਾ. ਕੇ.ਡੀ. ਸਿੰਘ ਦੇ ਯਤਨਾਂ ਸਦਕਾ ਹਰ ਸ਼ਨੀਵਾਰ ਕਲਾਨੌਰ ਬ੍ਰਾਂਚ 'ਚ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਂਦੀ ਹੈ, ਜਿਸ 'ਚ ਵੱਡੀ ਗਿਣਤੀ 'ਚ ਅੱਖਾਂ ਦੀਆਂ ਬਿਮਾਰੀਆਂ ਦੇ ਪੀੜਤ ਇਲਾਜ ਲਈ ਪਹੁੰਚ ਰਹੇ ਹਨ | ਗੁਰਜੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਣਾਅ ਭਰੀ ਜਿੰਦਗੀ 'ਚ ਮਨੁੱਖ ਆਪਣੀ ਸਿਹਤ ਵੱਲ ਘੱਟ ਧਿਆਨ ਦੇ ਰਿਹਾ ਹੈ, ਜਿਸ 'ਚ ਅੱਖਾਂ ਦੀਆਂ ਬਿਮਾਰੀਆਂ ਵੀ ਪ੍ਰਮੁੱਖ ਹਨ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੇ ਖਾਣ-ਪੀਣ ਦੇ ਵਿਗੜੇ ਸੰਤੁਲਨ ਦੇ ਕਾਰਨ ਜ਼ਿਆਦਾਤਰ ਲੋਕ ਅੱਖਾਂ ਦੀਆਂ ਬਿਮਾਰੀਆਂ ਨਾਲ ਪੀੜਤ ਹਨ ਤੇ ਜੇਕਰ ਸਮੇਂ ਸਿਰ ਅੱਖਾਂ ਦੀਆਂ ਬਿਮਾਰੀਆਂ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਅੱਖਾਂ ਦੀ ਰੌਸ਼ਨੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ | ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਵੀ ਸਮੇਂ ਸਮੇਂ 'ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤੇ ਜੇਕਰ ਅੱਖਾਂ ਦੀ ਕੋਈ ਸਮੱਸਿਆ ਹੋਵੇ ਤਾਂ ਸਮੇਂ ਸਿਰ ਇਲਾਜ ਉਪਰੰਤ ਅੱਖਾਂ ਦੀ ਤੰਦਰੁਸਤੀ ਬਰਕਰਾਰ ਰੱਖੀ ਜਾ ਸਕਦੀ ਹੈ | ਗੁਰਜੀਤ ਸਿੰਘ ਨੇ ਦੱਸਿਆ ਕਿ ਕਲਾਨੌਰ ਬ੍ਰਾਂਚ 'ਚ ਅੱਖਾਂ ਦੀ ਜਾਂਚ ਉਪਰੰਤ ਜਰੂਰਤ ਪੈਣ 'ਤੇ ਅੱਖਾਂ ਅਪਰੇਸ਼ਨ ਆਦਿ ਵੀ ਕੀਤੇ ਜਾਂਦੇ ਹਨ | ਉਨ੍ਹਾਂ ਅਪੀਲ ਕੀਤੀ ਕਿ ਸੰਤੁਲਿਤ ਖਾਣਾ ਖਾਣ ਅਤੇ ਸੈਰ ਕਰਨ ਨਾਲ ਵੀ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ |