ਬਟਾਲਾ, 12 ਮਾਰਚ (ਸਤਿੰਦਰ ਸਿੰਘ)- 21 ਫਰਵਰੀ ਨੂੰ ਪੰਥਕ ਏਕਤਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸਮੁੱਚੀਆਂ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਦਾ ਇਕੱਠ ਹਵਾਰਾਂ ਕਲਾਂ ਵਿਖੇ ਹੋਇਆ ਸੀ, ਜਿਸ ਵਿਚ ਸਾਰੀਆਂ ਜਥੇਬੰਦੀਆਂ ਨੇ ਪੰਥ ਅਤੇ ਪੰਜਾਬ ਦੇ ਮੁੱਦੇ ਹੱਲ ਕਰਵਾਉਣ ਲਈ ਪੰਥਕ ਏਕਤਾ ਨੂੰ ਅਜੋਕੇ ਸਮੇ ਦੀ ਲੋੜ ਦੱਸਿਆ ਸੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ | ਉਨ੍ਹਾਂ ਆਖਿਆ ਕਿ ਪਿਛਲੀ ਦਿਨੀਂ ਜਿਸ ਤਰ੍ਹਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਵਿਚੋਂ ਪੰਥ ਦੇ ਨਾਮ ਚਿੱਠੀ ਲਿਖਦਿਆਂ ਪੰਥਕ ਏਕਤਾ ਦਾ ਹੋਕਾ ਦਿੱਤਾ ਸੀ, ਉਸ ਦਾ ਸਮੁੱਚੀਆਂ ਜਥੇਬੰਦੀਆਂ ਨੇ ਸਵਾਗਤ ਕੀਤਾ ਸੀ ਤੇ ਉਸ ਚਿੱਠੀ ਵਿਚੋਂ ਜਥੇਦਾਰ ਹਵਾਰਾ ਦਾ ਪੰਥ ਦੀ ਅਜੋਕੀ ਸਥਿਤੀ ਤੇ ਅੰਦਰ ਦਾ ਦਰਦ ਵੀ ਝਲਕਦਾ ਸੀ | ਸ: ਬਾਜਵਾ ਨੇ ਅੱਗੇ ਆਖਿਆ ਕਿ ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਜਥੇਦਾਰ ਪਾਲ ਸਿੰਘ ਫਰਾਂਸ, ਸਰਪ੍ਰਸਤ ਬਾਪੂ ਗੁਰਚਰਨ ਸਿੰਘ ਅਤੇ ਮੁੱਖ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਦਿਲੀ ਇੱਛਾ ਮੁਤਾਬਕ ਸਮੁੱਚੀ ਪੰਥਕ ਏਕਤਾ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਲਈ ਕਾਨੂੰਨ ਬਣਾਉਣਾ, ਪੰਥ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਕੇਦਰ ਤੇ ਪੰਜਾਬ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾ ਸਕੇ |