ਘਰੋਟਾ, 12 ਮਾਰਚ (ਸੰਜੀਵ ਗੁਪਤਾ)-ਘਰੋਟਾ ਬਲਾਕ ਦੇ ਪਿੰਡ ਕਾਨਵਾਂ ਵਿਚ 14 ਮਾਰਚ ਦੀ ਮੋਗਾ ਵਿਚ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਮੰਡਲ ਦੇ ਪ੍ਰਧਾਨ ਸੰਜੀਵ ਪਠਾਨੀਆ ਅਤੇ ਯੁਵਾ ਮੋਰਚਾ ਮੰਡਲ ਦੇ ਪ੍ਰਧਾਨ ਮਹਿੰਦਰ ਨਾਜੋਵਾਲ ਨੇ ਸਾਂਝੇ ਤੌਰ 'ਤੇ ਕੀਤੀ | ਸਾਬਕਾ ਸੰਸਦੀ ਸਕੱਤਰ ਅਤੇ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਅਤੇ ਜ਼ਿਲ੍ਹਾ ਮੁੱਖ ਸਕੱਤਰ ਵਿਨੋਦ ਧਿਆਨ, ਸੀਨੀਅਰ ਭਾਜਪਾ ਆਗੂ ਬਲਵਾਨ ਸਿੰਘ ਵੀ ਹਾਜ਼ਰ ਸਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਕਿਹਾ ਕਿ 14 ਮਾਰਚ ਨੂੰ ਮੋਗਾ ਵਿਚ ਹੋਣ ਵਾਲੀ ਬਦਲਾਅ ਰੈਲੀ ਇਤਿਹਾਸਕ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਇਲਾਕੇ ਤੋਂ ਕਰੀਬ 30 ਵਾਹਨਾਂ ਦਾ ਕਾਫ਼ਲਾ ਰਵਾਨਾ ਹੋਵੇਗਾ | ਉਨ੍ਹਾਂ ਵਰਕਰਾਂ ਨੂੰ ਰੈਲੀ ਵਿਚ ਹਿੱਸਾ ਲੈਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ | ਸੀਮਾ ਕੁਮਾਰੀ ਨੇ ਕਿਹਾ ਕਿ ਰੈਲੀ ਨੂੰ ਲੈ ਕੇ ਵਰਕਰਾਂ ਅਤੇ ਆਮ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ | ਇਹ ਬਦਲਾਅ ਰੈਲੀ ਪੰਜਾਬ ਦੀ ਦਿਸ਼ਾ ਅਤੇ ਸਥਿਤੀ ਨੂੰ ਬਦਲਣ ਲਈ ਕੰਮ ਕਰੇਗੀ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਮੌਜੂਦਾ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹਨ ਅਤੇ ਹੁਣ ਲੋਕ ਵਿਕਾਸ ਤੇ ਬਦਲਾਅ ਚਾਹੁੰਦੇ ਹਨ | ਇਸ ਮੌਕੇ ਹਾਜ਼ਰ ਆਗੂਆਂ ਨੇ ਵੀ ਵਰਕਰਾਂ ਨੂੰ ਰੈਲੀ ਦੀਆਂ ਤਿਆਰੀਆਂ ਵਿਚ ਸ਼ਾਮਿਲ ਹੋਣ ਅਤੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਿਹਾ | ਮੰਡਲ ਜਨਰਲ ਸਕੱਤਰ ਨਰਿੰਦਰ ਸੈਣੀ, ਬਲਜਿੰਦਰ ਸਿੰਘ, ਸੁਖਵਿੰਦਰ ਸੈਣੀ, ਮਨਜੀਤ ਸਿੰਘ, ਦਿਲਬਾਰ ਸਿੰਘ ਅਤੇ ਸਥਾਨਿਕ ਵਰਕਰ ਮੌਜੂਦ ਸਨ |