28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਵਪਾਰਿਕ ਸਮੱਸਿਆਵਾਂ ਦਾ ਤੁਰੰਤ ਕੀਤਾ ਨਿਪਟਾਰਾ-ਡਾ: ਅਨਿਲ ਭਾਰਦਵਾਜ

Ad Position 21
No active advertisement
ਅਜੀਤ ਡੈਸਕ 13-03-2026
ਪਠਾਨਕੋਟ, 12 ਮਾਰਚ (ਵਿਨੋਦ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਵਪਾਰੀਆਂ, ਦੁਕਾਨਦਾਰਾਂ ਅਤੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਹੱਲ ਕਰਨ ਲਈ ਇਕ ਵਿਸ਼ੇਸ਼ ਅਤੇ ਇਤਿਹਾਸਕ ਪਹਿਲ ਕੀਤੀ ਗਈ ਹੈ | ਸਰਕਾਰ ਦਾ ਉਦੇਸ਼ ਹੈ ਕਿ ਵਪਾਰੀਆਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ, ਸਗੋਂ ਸਰਕਾਰੀ ਵਿਭਾਗ ਖ਼ੁਦ ਬਾਜ਼ਾਰਾਂ ਵਿਚ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ | ਇਸ ਮੁਹਿੰਮ ਤਹਿਤ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਵਿਚ ਕਰੀਬ 1700 ਮੀਟਿੰਗਾਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਹਰ ਜ਼ਿਲ੍ਹੇ ਅਤੇ ਹਰ ਵਿਧਾਨ ਸਭਾ ਹਲਕੇ ਵਿਚ ਵਪਾਰੀਆਂ ਨਾਲ ਸਿੱਧੀ ਗੱਲਬਾਤ ਕੀਤੀ ਜਾਵੇਗੀ | ਇਸ ਪਹਿਲ ਦਾ ਮਕਸਦ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਨਾ ਹੈ | ਇਸੇ ਸਿਲਸਿਲੇ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕੇ ਵਿਚ ਇਸ ਮੁਹਿੰਮ ਦੀ ਪਹਿਲੀ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ | ਇਹ ਮੀਟਿੰਗ ਡਾ: ਅਨਿਲ ਭਾਰਦਵਾਜ, ਚੇਅਰਮੈਨ ਜ਼ਿਲ੍ਹਾ ਟਰੇਡਰ ਕਮਿਸ਼ਨ ਦੀ ਰਹਿਨੁਮਾਈ ਹੇਠ ਕਰਵਾਈ ਗਈ | ਜਿਸ ਵਿਚ ਸ਼ਹਿਰ ਦੇ ਡਾਕਖ਼ਾਨਾ ਚੌਕ, ਸਮਿਤੀ ਮਾਰਕੀਟ ਅਤੇ ਆਸ-ਪਾਸ ਦੇ ਬਾਜ਼ਾਰਾਂ ਤੋਂ ਵੱਡੀ ਗਿਣਤੀ ਵਿਚ ਵਪਾਰੀ, ਦੁਕਾਨਦਾਰ, ਉਦਯੋਗਪਤੀ ਅਤੇ ਵੱਖ-ਵੱਖ ਵਪਾਰਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਵਪਾਰੀਆਂ ਨੇ ਬਾਜ਼ਾਰਾਂ ਵਿਚ ਦਰਪੇਸ਼ ਅਸਲ ਸਮੱਸਿਆਵਾਂ ਨੂੰ ਖੁੱਲ੍ਹ ਕੇ ਰੱਖਿਆ | ਉਨ੍ਹਾਂ ਵਲੋਂ ਟਾਇਲਟ ਸੁਵਿਧਾ ਦੀ ਕਮੀ, ਟਰੈਫ਼ਿਕ ਜਾਮ, ਪੀਣ ਵਾਲੇ ਪਾਣੀ ਦੀ ਸਪਲਾਈ, ਬਿਜਲੀ ਸਪਲਾਈ ਵਿਚ ਆ ਰਹੀਆਂ ਰੁਕਾਵਟਾਂ ਅਤੇ ਸਫ਼ਾਈ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਪ੍ਰਮੁੱਖ ਤੌਰ 'ਤੇ ਉਠਾਇਆ ਗਿਆ | ਇਸ ਮੌਕੇ ਮੌਜੂਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਹਰ ਮਸਲੇ ਨੂੰ ਧਿਆਨ ਨਾਲ ਸੁਣਿਆ ਅਤੇ ਕਈ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕਰ ਦਿੱਤਾ | ਜਿਹੜੀਆਂ ਸਮੱਸਿਆਵਾਂ ਤੁਰੰਤ ਹੱਲ ਨਹੀਂ ਹੋ ਸਕੀਆਂ, ਉਨ੍ਹਾਂ ਨੂੰ ਨੋਟ ਕਰਕੇ ਜਲਦੀ ਨਿਪਟਾਉਣ ਦਾ ਭਰੋਸਾ ਦਿੱਤਾ ਗਿਆ | ਮੀਟਿੰਗ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਏ.ਡੀ.ਸੀ. ਡਿਵੈਲਪਮੈਂਟ ਡਾ: ਜਸਵੰਤ ਸਿੰਘ, ਤਹਿਸੀਲਦਾਰ ਪਠਾਨਕੋਟ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਮੌਜੂਦ ਰਹੀਆਂ | ਇਸ ਦੇ ਨਾਲ ਜ਼ਿਲ੍ਹਾ ਪ੍ਰਧਾਨ ਟਰੇਡ ਵਿਕਾਸ ਸੈਣੀ, ਜ਼ਿਲ੍ਹਾ ਮੈਂਬਰ ਅਤੇ ਵਿਧਾਨ ਸਭਾ ਚੇਅਰਮੈਨ ਤਿਲਕ ਧੀਮਾਨ ਅਤੇ ਟਰੇਡਰ ਕਮਿਸ਼ਨ ਦੇ ਹੋਰ ਮਾਣਯੋਗ ਮੈਂਬਰਾਂ ਨੇ ਵੀ ਆਪਣੀ ਹਾਜ਼ਰੀ ਨਾਲ ਮੀਟਿੰਗ ਨੂੰ ਮਹੱਤਵਪੂਰਨ ਬਣਾਇਆ | ਇਸ ਮੌਕੇ ਸਮਿਤੀ ਮਾਰਕੀਟ ਦੇ ਪ੍ਰਧਾਨ ਨਰਿੰਦਰ ਵਾਲੀਆ, ਦਪਿੰਦਰ ਅਰੋੜਾ, ਸੁਨੀਲ ਮਹਾਜਨ, ਰਾਜੇਸ਼ ਪੁਰੀ, ਭਾਰਤ ਮਹਾਜਨ, ਅਮਿਤ ਨਈਅਰ ਸਾਹਿਬ ਅਤੇ ਰਾਮ ਪਾਲ ਭੰਡਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਨਰਵ੍ਹੀਲ ਕਲੱਬ ਪਠਾਨਕੋਟ ਗ੍ਰੇਟਰ ਨੇ ਲਗਾਇਆ ਮੁਫ਼ਤ ਦੰਦਾਂ ਦਾ ਜਾਂਚ ਕੈਂਪ ਅਗਲੀ ਖ਼ਬਰ ਡਰਾਈਵਰ ਐਂਡ ਟੈਕਨੀਕਲ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ
Ad Position 24