ਗੁਰਦਾਸਪੁਰ, 27 ਮਾਰਚ (ਅਸ਼ੋਕ ਸ਼ਰਮਾ)- ਦੀਨਾਨਗਰ ਤੋਂ ਚੱਲਦੀ ਸੀ.ਟੀ.ਯੂ. ਚੰਡੀਗੜ੍ਹ ਨੂੰ ਜਾਣ ਵਾਲੀ ਤੇ ਹੋਰ ਲੰਬੇ ਰੂਟ ਦੀਆਂ ਕੁਝ ਨਿੱਜੀ ਬੱਸਾਂ ਪੁਰਾਣਾ ਸ਼ਾਲਾ ਵਿਖੇ ਨਾ ਰੁਕਣ ਕਰਕੇ ਸਵਾਰੀਆਂ ਨੂੰ ਖੱਜਲ ਖ਼ੁਆਰ ਹੋਣਾ ਪੈਂਦਾ ਹੈ | ਇਸ ਪਾਸੇ ਟਰਾਂਸਪੋਰਟ ਵਿਭਾਗ ਗੁਰਦਾਸਪੁਰ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਜਿਸ ਕਰਕੇ ਇਲਾਕੇ ਦੇ ਲੋਕਾਂ ਦਾ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਬਟਾਲਾ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਸਾਬਕਾ ਪਾਵਰਕਾਮ ਦੇ ਜੇ.ਈ. ਸਰਵਣ ਸਿੰਘ ਸੈਣੀ ਨੇ ਦੱਸਿਆ ਕਿ ਬੇਟ ਇਲਾਕੇ ਦੇ ਬਹੁਤ ਸਾਰੇ ਨੌਜਵਾਨ ਚੰਡੀਗੜ੍ਹ ਤੇ ਹੋਰਨਾਂ ਜ਼ਿਲਿ੍ਹਆਂ ਵਿਚ ਸਿੱਖਿਆ ਪ੍ਰਾਪਤ ਕਰ ਰਹੇ ਹਨ ਤੇ ਇਸ ਸਮੇਂ ਸਰਕਾਰੀ ਤੇ ਨਿੱਜੀ ਬੱਸਾਂ ਨਾ ਮਿਲਣ ਕਰਕੇ ਉਨ੍ਹਾਂ ਨੂੰ ਅਨੇਕਾਂ ਮੁਸ਼ਕਿਲਾਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਜਦੋਂ ਕਿ ਲੋਕ ਅਕਸਰ ਹੀ ਆਪਣੀ ਮੰਜ਼ਿਲ 'ਤੇ ਪਹੁੰਚਣ ਤੋਂ ਲੇਟ ਹੋ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਧਿਆਨ ਹਿਤ ਲਿਆਉਣ ਦੇ ਬਾਵਜੂਦ ਵੀ ਹੱਲ ਨਹੀਂ ਹੋ ਰਿਹਾ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਟਰਾਂਸਪੋਰਟ ਵਿਭਾਗ ਗੁਰਦਾਸਪੁਰ ਨੂੰ ਹਦਾਇਤਾਂ ਕਰਕੇ ਪੁਰਾਣਾ ਸ਼ਾਲਾ ਵਿਖੇ ਸੀ.ਟੀ.ਯੂ. ਤੇ ਸਾਰੀਆਂ ਨਿੱਜੀ ਬੱਸਾਂ ਰੁਕਣ ਦੇ ਸਖਤ ਆਦੇਸ਼ ਦਿੱਤੇ ਜਿਸ ਨਾਲ ਆਮ ਲੋਕਾਂ ਨੂੰ ਆ ਰਹੀ ਮੁਸ਼ਕਿਲ ਤੋਂ ਰਾਹਤ ਮਿਲ ਸਕੇ |