ਨਰੋਟ ਜੈਮਲ ਸਿੰਘ, 27 ਮਾਰਚ (ਸ਼ਸ਼ੀ ਕੁਮਾਰ)- 1988 ਦੇ ਹੜ੍ਹਾਂ ਕਾਰਨ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਸੀ ਪਰ ਹਲਕਾ ਭੋਆ ਜਿਸ ਦੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਲਾਗਲੇ ਪਿੰਡਾਂ ਨੂੰ ਕਾਫ਼ੀ ਨੁਕਸਾਨ ਹੋਇਆ, ਉਦੋਂ ਇਸ ਰਾਵੀ ਦਰਿਆ 'ਤੇ ਪੁਲ ਵੀ ਨਹੀਂ ਸੀ ਬਣਿਆ ਹੋਇਆ ਜਿਸ ਕਰਕੇ ਲੋਕਾਂ ਵਿਚ ਆਰ-ਪਾਰ ਦਾ ਵਿਵਾਦ ਰਹਿੰਦਾ ਸੀ ਅਤੇ ਲੋਕ ਦਰਿਆ ਤੋਂ ਪਾਰ ਵਾਲੇ ਲੋਕਾਂ ਤੇ ਪਾਰ ਦੀਆਂ ਜ਼ਮੀਨਾਂ ਚੰਗੀ ਗਿਣਤੀ 'ਚ ਨਹੀਂ ਸੀ ਸਮਝਦੇ | ਜਿਸ ਨਾਲ ਪਾਰ ਦੀਆਂ ਜ਼ਮੀਨਾਂ ਦੇ ਰੇਟ ਵੀ ਬਹੁਤ ਘੱਟ ਸਨ ਪਰ ਕਰੀਬ 20-21 ਸਾਲ ਪਹਿਲਾਂ ਰਾਵੀ ਦਰਿਆ 'ਤੇ ਪੁਲ ਬਣ ਜਾਣ ਕਾਰਨ ਆਰ ਪਾਰ ਦਾ ਵਿਵਾਦ ਖ਼ਤਮ ਹੋ ਗਿਆ ਤੇ ਕਰੈਸ਼ਰ ਉਦਯੋਗ ਦਰਿਆ ਦੇ ਲਾਗੇ-ਲਾਗੇ ਪਥਰੀਲੀ ਜ਼ਮੀਨਾਂ ਵਿਚ ਹੋਣ ਕਾਰਨ ਪਾਰ ਦੀਆਂ ਜ਼ਮੀਨਾਂ ਦੇ ਵੀ ਮੁੱਲ ਪੈ ਗਏ ਤੇ ਪਿੰਡ ਕੋਲੀਆਂ ਦਾ ਸੰੁਨਸਾਨ ਰਸਤਾ ਅੱਡਾ ਬਣ ਗਿਆ ਤੇ ਬੱਸਾਂ ਦੀ ਆਵਾਜਾਈ ਵੱਧ ਗਈ | ਅੱਡੇ ਵਿਚ 15 ਤੋਂ 20 ਦੁਕਾਨਾਂ ਬਣ ਜਾਣ ਕਾਰਨ ਲਾਗਲੇ ਪਿੰਡਾਂ ਨੂੰ ਦੂਰ ਜਾਣ ਤੋਂ ਰਾਹਤ ਮਿਲ ਗਈ ਸੀ ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ ਕਿ 6 ਮਹੀਨੇ ਪਹਿਲਾਂ ਪਹਾੜੀ ਇਲਾਕਿਆਂ ਵਿਚ ਲਗਾਤਾਰ ਮੀਂਹ ਪੈਣ ਨਾਲ ਇਸ ਰਾਵੀ ਦਰਿਆ ਵਿਚ ਅਚਾਨਕ ਪਾਣੀ ਦਾ ਪੱੱਧਰ ਵੱਧ ਜਾਣ ਨਾਲ ਕੋਲੀਆਂ ਪਿੰਡ ਵਾਲੇ ਪਾਸੇ ਦੀ ਧੁੱਸੀ ਦਾ ਬੰਨ੍ਹ ਟੁੱਟ ਜਾਣ ਕਾਰਨ ਕੋਲੀਆਂ ਅੱਡੇ ਅਤੇ ਪਿੰਡ ਪੰਮਾ ਦੀਆਂ ਦੁਕਾਨਾਂ ਤੇ ਮਕਾਨ ਪਾਣੀ ਦੀ ਲਪੇਟ ਵਿਚ ਆਉਣ ਕਾਰਨ ਢਹਿ ਗਏ ਜਿਸ ਨਾਲ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ | ਸਥਾਨਕ ਲੋਕਾਂ ਵਿਚ ਜੋਨੀ, ਅਸ਼ਵਨੀ ਕੁਮਾਰ, ਅਜੇ ਕੁਮਾਰ, ਰਵਿੰਦਰ ਕੁਮਾਰ, ਅਜੈ ਕੁਮਾਰ ਅਤੇ ਟੋਨੀ ਨੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ, ਪ੍ਰਸ਼ਾਸਨ ਤੇ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਮਦਦ ਕੀਤੀ ਜਿਸ ਨਾਲ ਹੜ੍ਹ ਪੀੜਤ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਪਰ ਦਰਿਆ ਵਿਚ ਲੋਕਾਂ ਦੀਆਂ ਜ਼ਮੀਨਾਂ ਰੁੜ੍ਹ ਗਈਆਂ | ਵੱਖ-ਵੱਖ ਸੰਗਠਨਾਂ ਦੇ ਆਗੂਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਮੌਕੇ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਦਿਨ ਰਾਤ ਮਿਹਨਤ ਕਰਕੇ ਪਾਣੀ ਦੀ ਰੋਕ ਲਈ ਬੋਰੀਆਂ ਵਿਚ ਮਿੱਟੀ ਪਾ-ਪਾ ਕੇ ਸਪਰ ਬਣਾਇਆ ਪਰ ਇਹ ਕੱਚਾ ਸਪਰ ਪਾਣੀ ਦੀਆਂ ਛੱਲਾਂ ਤੇ ਮੀਂਹ ਨਾਲ ਖੁਰਦਾ ਨਜ਼ਰ ਆ ਰਿਹਾ ਹੈ | ਜਿਹੜਾ ਕਿ ਹੋਣ ਵਾਲੀ ਬਰਸਾਤ ਤੱਕ ਖੁਰ-ਖੁਰ ਕੇ ਡਿਗ ਸਕਦਾ ਹੈ | ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਮੰਗ ਕੀਤੀ ਕਿ ਇਸ ਸਪਰ ਨੂੰ ਪੱਥਰ ਤੇ ਲੋਹੇ ਦੀ ਤਾਰ ਨਾਲ ਬਣਾਇਆ ਜਾਵੇ ਤਾਂ ਜੋ ਇਸ ਨੰੂ ਆਉਣ ਵਾਲੀ ਬਰਸਾਤ ਦੇ ਪਾਣੀ ਤੋਂ ਬਚਾਇਆ ਜਾਵੇ |