05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਭਾਰੀ ਸਕੂਲ ਬੈਗ ਖੋਹ ਰਹੇ ਬੱਚਿਆਂ ਦਾ ਬਚਪਨ, ਸਕੂਲ ਬੈਗ ਐਕਟ 2020 ਲਾਗੂ ਹੋਣ ਦੇ ਬਾਵਜੂਦ ਬੱਚੇ ਖੜ੍ਹ ਰਹੇ ਭਾਰੀ ਬੈਗ

Ad Position 21
repet_subhas-goyals [Copy P29]
ਅਜੀਤ ਡੈਸਕ 04-04-2026
ਤਿੱਬੜ, 3 ਅਪ੍ਰੈਲ (ਭੁਪਿੰਦਰ ਸਿੰਘ ਬੋਪਾਰਾਏ)- ਪੰਜਾਬ ਵਿਚ ਸਕੂਲ ਬੈਗ ਐਕਟ 2020 ਲਾਗੂ ਹੋਣ ਦੇ ਬਾਵਜੂਦ ਜ਼ਿਆਦਾਤਰ ਮਾਪੇ, ਵਿਦਿਆਰਥੀ ਅਤੇ ਇੱਥੋਂ ਤੱਕ ਕਿ ਸਕੂਲ ਪ੍ਰਬੰਧਕ ਤੇ ਸਰਕਾਰੀ ਅਧਿਆਪਕ ਵੀ ਇਸ ਬਾਰੇ ਪੂਰੀ ਤਰ੍ਹਾਂ ਅਣਜਾਣ ਹਨ | ਇਸ ਅਨਜਾਣੇ ਕਾਰਨ ਛੋਟੇ ਬੱਚਿਆਂ ਨੰੂ ਹਰ ਰੋਜ਼ ਭਾਰੀ ਸਕੂਲੀ ਬੈਗ ਢਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜੋ ਉਨ੍ਹਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਤੇ ਬਚਪਨ ਨਾਲ ਖਿਲਵਾੜ ਹੋ ਰਿਹਾ ਹੈ | ਖੇਡਣ ਕੁੱਦਣ ਦੀ ਉਮਰ 'ਚ ਵਿਦਿਆਰਥੀ ਮੋਢਿਆਂ ਦੇ ਦਰਦ ਅਤੇ ਹੋਰਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਦਾ ਮੁੱਖ ਕਾਰਨ ਐਕਟ ਬਾਰੇ ਲੋਕਾਂ ਵਿਚ ਜਾਗਰੂਕਤਾ ਦੀ ਘਾਟ ਤੇ ਪ੍ਰਸ਼ਾਸਨ ਵਲੋਂ ਇਸ ਨੰੂ ਲਾਗੂ ਕਰਨ 'ਚ ਦਿਲਚਸਪੀ ਨਾ ਦਿਖਾਉਣਾ ਹੈ | ਪੰਜਾਬ ਵਿਚ ਸਕੂਲੀ ਬੱਚਿਆਂ ਦੇ ਭਾਰੀ ਬੈਗਾਂ ਦਾ ਮਸਲਾ ਵਿਦਿਆਰਥੀਆਂ ਦੀ ਸਿਹਤ ਨਾਲ ਜੁੜ ਚੁੱਕਾ ਹੈ | ਪੰਜਾਬ ਸਰਕਾਰ ਵਲੋਂ ਸਕੂਲ ਬੈਗ ਪਾਲਿਸੀ 2020 ਨੰੂ ਲਾਗੂ ਕਰਦੇ ਹੋਏ ਨੋਟੀਫ਼ਿਕੇਸ਼ਨ ਜਾਰੀ ਕਰਕੇ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਕਿਸੇ ਵੀ ਵਿਦਿਆਰਥੀ ਦੇ ਸਕੂਲ ਬੈਗ ਦਾ ਵਜ਼ਨ ਉਸ ਦੇ ਸਰੀਰ ਦੇ ਭਾਰ ਦੇ 10 ਫ਼ੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ ਪਰ ਜ਼ਮੀਨੀ ਹਕੀਕਤ 'ਚ ਇਹ ਹੁਕਮ ਕਿਤੇ ਲਾਗੂ ਹੋਏ ਨਜ਼ਰ ਨਹੀਂ ਆ ਰਹੇ | ਸਰਕਾਰ ਦੇ ਨੋਟੀਫ਼ਿਕੇਸ਼ਨ ਤੇ ਅਦਾਲਤਾਂ ਦੇ ਹੁਕਮਾਂ ਦੇ ਬਾਵਜੂਦ ਸਕੂਲ ਪ੍ਰਬੰਧਨ ਤੇ ਸਿੱਖਿਆ ਵਿਭਾਗ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ | ਜਦੋਂ ਕਿ ਇਹ ਮਸਲਾ ਸਿਰਫ਼ ਨਿਯਮਾਂ ਦੀ ਉਲੰਘਣਾ ਨਹੀਂ, ਸਗੋਂ ਬੱਚਿਆਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਮੰਨਿਆ ਜਾ ਰਿਹਾ ਹੈ | ਸਰਕਾਰ ਵਲੋਂ ਸਕੂਲ ਬੈਗ ਪਾਲਿਸੀ ਤਹਿਤ ਜਾਰੀ ਹਦਾਇਤਾਂ ਅਨੁਸਾਰ ਪ੍ਰਾਇਮਰੀ ਜਮਾਤਾਂ ਲਈ ਬੈਗ ਦਾ ਵਜ਼ਨ ਲਗਪਗ 2-3 ਕਿੱਲੋ ਤੱਕ ਸੀਮਤ ਕੀਤਾ ਗਿਆ ਹੈ, ਮਿਡਲ ਜਮਾਤਾਂ ਲਈ ਵਜ਼ਨ 3-4 ਕਿੱਲੋ ਤੇ ਸੀਨੀਅਰ ਜਮਾਤਾਂ ਲਈ 5 ਕਿੱਲੋ ਤੱਕ ਦੀ ਹੱਦ ਨਿਰਧਾਰਿਤ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਜ਼ਿਲਿ੍ਹਆਂ 'ਚ ਬੱਚੇ ਅਜੇ ਵੀ ਨਿਰਧਾਰਿਤ ਵਜ਼ਨ ਤੋਂ ਵਧੇਰੇ ਵਜ਼ਨ ਦੇ ਭਾਰੀ ਬੈਗ ਢਾਹੁਣ ਲਈ ਮਜਬੂਰ ਹਨ | ਸਕੂਲ ਬੈਗਾਂ ਦੇ ਮਸਲੇ 'ਚ ਅਦਾਲਤਾਂ ਦੀ ਸਖ਼ਤ ਟਿੱਪਣੀ ਵੀ ਬੇਅਸਰ ਨਜ਼ਰ ਆ ਰਹੀ ਹੈ | ਅਦਾਲਤ ਵਲੋਂ ਅਮੀਤ ਕੁਮਾਰ ਬਨਾਮ ਡਾਇਰੈਕਟਰ ਜਨਰਲ ਪ੍ਰਾਇਮਰੀ ਸਿੱਖਿਆ ਮਾਮਲੇ 'ਚ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਭਾਰੀ ਸਕੂਲ ਬੈਗ ਨੰੂ ਲੈ ਕੇ ਬੱਚਿਆਂ ਦੀ ਸਿਹਤ ਲਈ ਹਦਾਇਤਾਂ ਕਿਤੇ ਨਜ਼ਰ ਨਹੀਂ ਆ ਰਹੀਆਂ ਹਨ | ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਵੱਖ-ਵੱਖ ਮਾਮਲਿਆਂ 'ਚ ਰਾਜ ਸਰਕਾਰਾਂ ਨੰੂ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ ਪਰ ਸਕੂਲਾਂ ਵਲੋਂ ਬਿਨਾਂ ਲੋੜ ਦੇ ਕਿਤਾਬਾਂ, ਵਾਧੂ ਕਿਤਾਬਾਂ, ਕਾਪੀਆਂ, ਡਰਾਇੰਗ ਕਾਪੀਆਂ ਲਿਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਸਮਾਂ ਸਾਰਨੀ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਬੱਚਿਆਂ ਨੰੂ ਹਰ ਰੋਜ਼ ਜ਼ਿਆਦਾਤਰ ਵਿਸ਼ਿਆਂ ਦੀਆਂ ਕਿਤਾਬਾਂ ਲੈ ਕੇ ਆਉਣੀਆਂ ਪੈਂਦੀਆਂ ਹਨ ਤੇ ਜੇਕਰ ਬੱਚੇ ਕਿਸੇ ਦਿਨ ਗ਼ਲਤੀ ਨਾਲ ਵੀ ਇਕ ਅੱਧੀ ਕਾਪੀ ਜਾਂ ਕਿਤਾਬ ਘਰ ਭੁੱਲ ਜਾਂਦੇ ਹਨ ਤਾਂ ਸਕੂਲ ਵਾਲੇ ਘਰ ਫੋਨ ਕਰਕੇ ਕਾਪੀ ਜਾਂ ਕਿਤਾਬ ਸਕੂਲ ਮੰਗਵਾਉਂਦੇ ਹਨ | ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵਲੋਂ ਮੌਕੇ 'ਤੇ ਜਾਂਚ ਲਗਪਗ ਨਾਂਹ ਦੇ ਬਰਾਬਰ ਹੈ | ਬੱਚਿਆਂ ਦੇ ਮਾਹਿਰ ਡਾ: ਗੁਰਖੇਲ ਸਿੰਘ ਕਲਸੀ ਤੇ ਡਾ: ਗੁਲਵਤਨ ਸਿੰਘ ਕੰਗ ਨੇ ਦੱਸਿਆ ਕਿ ਭਾਰੀ ਸਕੂਲ ਬੈਗਾਂ ਦਾ ਬੱਚਿਆਂ ਦੀ ਸਿਹਤ 'ਤੇ ਗੰਭੀਰ ਅਸਰ ਪੈਂਦਾ ਹੈ | ਉਨ੍ਹਾਂ ਅਨੁਸਾਰ ਛੋਟੀ ਉਮਰ 'ਚ ਭਾਰੀ ਬੈਗ ਢਾਹੁਣ ਨਾਲ ਮੋਢਿਆਂ ਤੇ ਪਿੱਠ ਦਰਦ, ਰੀੜ੍ਹ ਦੀ ਹੱਡੀ 'ਚ ਟੇਢਾਪਣ, ਲੰਮੇ ਸਮੇਂ ਦੀਆਂ ਮਾਸਪੇਸ਼ੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜੋ ਬੱਚਿਆਂ ਦੇ ਭਵਿੱਖ ਲਈ ਖ਼ਤਰਨਾਕ ਹੁੰਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਰਮਨ ਬਹਿਲ ਨੇ ਪਿੰਡ ਮੀਰਪੁਰ ਵਿਖੇ 'ਮੇਰਾ ਘਰ ਮੇਰੇ ਨਾਮ' ਮੁਹਿੰਮ ਤਹਿਤ 117 ਪਰਿਵਾਰਾਂ ਨੂੰ ਘਰਾਂ ਦੇ ਮਾਲਕਾਨਾ ਹੱਕ... ਅਗਲੀ ਖ਼ਬਰ ਭੇਦਭਰੇ ਹਾਲਤ 'ਚ ਨੌਜਵਾਨ ਲਾਪਤਾ, ਮਾਪੇ ਪ੍ਰੇਸ਼ਾਨ <br/>
Ad Position 24