ਪਠਾਨਕੋਟ, 3 ਅਪ੍ਰੈਲ (ਵਿਨੋਦ)- 16, 17 ਤੇ 18 ਅਪ੍ਰੈਲ ਨੂੰ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਜ਼ਿਲ੍ਹਾ ਪਠਾਨਕੋਟ ਦੇ ਵਿਸ਼ੇਸ਼ ਦੌਰੇ 'ਤੇ ਪਹੁੰਚ ਰਹੇ ਹਨ | ਰਾਜਪਾਲ ਪੰਜਾਬ ਦੇ ਪਠਾਨਕੋਟ ਦੌਰੇ ਨੂੰ ਲੈ ਕੇ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਦੀ ਪ੍ਰਧਾਨਗੀ ਅੰਦਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਐੱਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ, ਐੱਸ.ਡੀ.ਐਮ. ਪਠਾਨਕੋਟ ਅਰਸ਼ਦੀਪ ਸਿੰਘ, ਤਹਿਸੀਲਦਾਰ ਪਠਾਨਕੋਟ ਪਰਮਪ੍ਰੀਤ ਸਿੰਘ ਗੋਰਾਇਆ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈ:/ਐਲੀ:) ਪਠਾਨਕੋਟ ਕਮਲਦੀਪ ਕੌਰ, ਸਿਵਲ ਸਰਜਨ ਪਠਾਨਕੋਟ ਡਾ: ਸੁਨੀਤਾ ਸ਼ਰਮਾ ਤੇ ਹੋਰ ਵੱਖ-ਵੱਖ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਨੇ ਦੱਸਿਆ ਕਿ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ 16, 17 ਤੇ 18 ਅਪ੍ਰੈਲ ਨੂੰ ਪਠਾਨਕੋਟ ਦੇ ਦੌਰੇ 'ਤੇ ਹਨ | ਉਨ੍ਹਾਂ ਵਲੋਂ 16 ਅਪ੍ਰੈਲ ਨੂੰ ਇਕ ਵਿਸ਼ੇਸ਼ ਸਮਾਗਮ ਦੌਰਾਨ ਮਹਾਰਾਣਾ ਪ੍ਰਤਾਪ ਸਕੂਲ ਮੰਗਿਆਲ ਮਨਵਾਲ ਵਿਖੇ ਵੀ.ਡੀ.ਸੀ. ਦੇ ਮੈਂਬਰਾਂ ਨੂੰ ਸੰਬੋਧਨ ਕੀਤਾ ਜਾਵੇਗਾ, 17 ਅਪ੍ਰੈਲ ਨੂੰ ਰਾਜਪਾਲ ਵਲੋਂ ਨਸ਼ੇ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਦੀਪਨੀ ਸਕੂਲ ਪਠਾਨਕੋਟ ਤੋਂ ਏ.ਵੀ. ਕਾਲਜ ਪਠਾਨਕੋਟ ਤੱਕ ਪੈਦਲ ਯਾਤਰਾ ਕੱਢੀ ਜਾਵੇਗੀ ਤੇ ਨਿਆੜੀ ਵਿਖੇ ਵੀ.ਡੀ.ਸੀ. ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 18 ਅਪ੍ਰੈਲ ਨੂੰ ਰਾਜਪਾਲ ਪੰਜਾਬ ਵਲੋਂ ਸ੍ਰੀ ਸਾਈਾ ਕਾਲਜ ਬਧਾਨੀ ਵਿਖੇ ਸਰਹੱਦੀ ਖੇਤਰ ਦੇ ਅਧੀਨ ਆਉਂਦੇ ਸਕੂਲਾਂ ਦੇ ਪਿ੍ੰਸੀਪਲ ਨਾਲ ਮੀਟਿੰਗ ਕੀਤੀ ਜਾਵੇਗੀ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਰਾਜਪਾਲ ਪੰਜਾਬ ਦੇ ਦੌਰੇ ਨੂੰ ਲੈ ਕੇ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਵੱਖ-ਵੱਖ ਜ਼ਿਲ੍ਹਾ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ |