ਧਾਰਕਲਾਂ, 3 ਅਪ੍ਰੈਲ (ਨਰੇਸ਼ ਪਠਾਨੀਆ)- ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੀ ਤਹਿਸੀਲ ਧਾਰਕਲਾਂ ਜੰਗਲੀ ਵਣ ਸੰਪਦਾ ਨਾਲ ਲਬਾਲੱਬ ਹੈ ਜਿਸ ਨਾਲ ਪੂਰੇ ਪੰਜਾਬ ਤੇ ਹਿਮਾਚਲ, ਜੇ.ਐਂਡ.ਕੇ. ਨੰੂ ਸ਼ੁੱਧ ਆਕਸੀਜਨ ਪ੍ਰਾਪਤ ਹੋ ਰਹੀ ਹੈ ਪਰ ਬੂਟਿਆਂ ਦੀ ਲਗਾਤਾਰ ਹੋ ਰਹੀ ਕੱਟਾਈ ਤੇ ਵਾਹਨਾਂ ਦੇ ਪ੍ਰਦੂਸ਼ਨ ਨਾਲ ਧਾਰ ਬਲਾਕ ਦੀ ਹਰਿਆਲੀ ਨੰੂ ਜ਼ਬਰਦਸਤ ਢਾਹ ਲੱਗ ਰਹੀ ਹੈ | ਲਗਾਤਾਰ ਜੰਗਲ ਦਾ ਰਕਬਾ ਘੱਟਦਾ ਜਾ ਰਿਹਾ ਹੈ | ਹਰਿਆਲੀ ਨੰੂ ਵਧਾਉਣ ਲਈ ਸੂਬੇ ਦੀਆਂ ਸਾਰੀਆਂ ਸਰਕਾਰਾਂ ਨਾਕਾਮ ਰਹੀਆਂ ਹਨ, ਕਿਸੇ ਵੀ ਸਰਕਾਰ ਦੁਆਰਾ ਧਾਰ ਬਲਾਕ ਦੀ ਹਰਿਆਲੀ ਨੰੂ ਬਰਕਰਾਰ ਰੱਖਣ ਲਈ ਕੋਈ ਠੋਸ ਯੋਜਨਾ ਲਾਗੂ ਨਹੀਂ ਕੀਤੀ ਗਈ | ਹੁਣ ਸਰਕਾਰ ਨੰੂ ਚਾਹੀਦਾ ਹੈ ਕਿ ਤੁਰੰਤ ਕੋਈ ਠੋਸ ਨੀਤੀ ਬਣਾ ਕੇ ਧਾਰ ਬਲਾਕ 'ਚ ਦਾਖ਼ਲ ਹੋਣ ਵਾਲੇ ਵਾਹਨਾਂ 'ਤੇ ਗ੍ਰੀਨ ਟੈਕਸ ਲਗਾਇਆ ਜਾਵੇ ਤੇ ਇਸ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ ਨੰੂ ਧਾਰ ਬਲਾਕ ਦੇ ਵਿਚ ਖਰਚ ਕਰਕੇ ਹਰਿਆਲੀ ਨੰੂ ਵਧਾਇਆ ਜਾਵੇ ਤੇ ਸਥਾਨਕ ਨੌਜਵਾਨਾਂ ਲਈ ਨਵੇਂ ਰੁਜ਼ਗਾਰਾਂ ਦੀ ਸਿਰਜਨਾ ਕੀਤੀ ਜਾਵੇ | ਤੁਹਾਨੰੂ ਦੱਸ ਦੇਈਏ ਕਿ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵਲੋਂ ਵੀ ਗ੍ਰੀਨ ਟੈਕਸ ਕਈ ਸਾਲਾਂ ਤੋਂ ਵਸੂਲਿਆ ਜਾ ਰਿਹਾ ਹੈ ਪਰ ਹਰਿਆਲੀ ਨਾਲ ਭਰਪੂਰ ਧਾਰ ਬਲਾਕ ਦਿਨ ਪ੍ਰਤੀ ਦਿਨ ਪ੍ਰਦੂਸ਼ਨ ਦੀ ਮਾਰ ਨਾਲ ਹਰਿਆਲੀ ਤੋਂ ਮਰਹੂਮ ਹੋ ਰਿਹਾ ਹੈ |