ਪਠਾਨਕੋਟ, 3 ਅਪ੍ਰੈਲ (ਵਿਨੋਦ)- ਪਠਾਨਕੋਟ ਜ਼ਿਲ੍ਹੇ ਵਿਚ ਐਲ.ਪੀ.ਜੀ. ਗੈਸ ਦੀ ਸੁਚਾਰੂ ਸਪਲਾਈ ਨੂੰ ਲੈ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਗੈਸ ਏਜੰਸੀ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪਲਵੀ ਤੇ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਰਾਜ ਰਿਸ਼ੀ ਮਹਿਰਾ ਵੀ ਸ਼ਾਮਿਲ ਸਨ | ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਖਾੜੀ ਦੇਸ਼ਾਂ ਦੀ ਜੰਗ ਦੇ ਚੱਲਦੇ ਪੂਰੇ ਵਿਸ਼ਵ ਵਿਚ ਹੀ ਪੈਟਰੋਲੀਅਮ ਪਦਾਰਥਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਅੱਜ ਗੈਸ ਏਜੰਸੀ ਦੇ ਮਾਲਕਾਂ ਨੂੰ ਬੁਲਾਇਆ ਗਿਆ ਤਾਂ ਜੋ ਪਠਾਨਕੋਟ ਜ਼ਿਲ੍ਹੇ ਵਿਚ ਲੋਕਾਂ ਨੂੰ ਗੈਸ ਦੀ ਸਪਲਾਈ ਸੁਚਾਰੂ ਰੂਪ 'ਚ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਤੇ ਗੈਸ ਏਜੰਸੀ ਮਾਲਕਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਹੋਮ ਡਲਿਵਰੀ ਵੱਧ ਤੋਂ ਵੱਧ ਕੀਤੀ ਜਾਵੇ ਤਾਂ ਜੋ ਗੈਸ ਏਜੰਸੀ ਦੇ ਮੂਹਰੇ ਲਾਈਨਾਂ ਨਾਲ ਦੇਖਣ ਨੂੰ ਮਿਲ ਸਕਣ ਅਤੇ ਲੋਕਾਂ ਨੂੰ ਘਰ ਬੈਠਿਆਂ ਹੀ ਗੈਸ ਮਿਲ ਸਕੇ | ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਗੈਸ ਦੀ ਕਾਲਾਬਾਜ਼ਾਰੀ ਕਰਦਾ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਗੈਸ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਨਾ ਹੋਣ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਗੈਸ ਤੇ ਪੈਟਰੋਲੀਅਮ ਪਦਾਰਥਾਂ ਦੀ ਵਿੱਕਰੀ ਲਈ ਕੇਂਦਰ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ, ਅਸੀਂ ਬੱਸ ਉਸ ਦੀ ਸੁਪਰਵਿਜ਼ਨ ਕਰਦੇ ਹਾਂ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ | ਉਨ੍ਹਾਂ ਕਿਹਾ ਕਿ ਗੈਸ ਦੀ ਸਪਲਾਈ ਹੌਲੀ-ਹੌਲੀ ਸੁਚਾਰੂ ਹੋ ਰਹੀ ਹੈ | ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਉਨ੍ਹਾਂ ਕੋਲ ਡੇਢ ਮਹੀਨੇ ਦਾ ਕੋਟਾ ਪਿਆ ਹੋਇਆ ਹੈ | ਇਸ ਲੋਈ ਲੋਕ ਪੈਨਿਕ ਨਾ ਹੋਣ, ਹਰੇਕ ਨੂੰ ਗੈਸ ਘਰ ਬੈਠਿਆਂ ਮਿਲੇ, ਇਸ ਦਾ ਯਤਨ ਕੀਤਾ ਜਾ ਰਿਹਾ ਹੈ |