ਗੁਰਦਾਸਪੁਰ, 5 ਅਪ੍ਰੈਲ (ਅਸ਼ੋਕ ਸ਼ਰਮਾ)- ਬਿਨਾਂ ਲਾਇਸੈਂਸ ਦਵਾਈਆਂ ਵੇਚਣ ਦੇ ਦੋਸ਼ ਹੇਠ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਲੋਂ ਦੋ ਵਿਅਕਤੀਆਂ ਨੰੂ 3-3 ਸਾਲ ਦੀ ਸਜ਼ਾ ਅਤੇ ਭਾਰੀ ਜੁਰਮਾਨਾ ਕੀਤਾ ਹੈ | ਇਨ੍ਹਾਂ ਮੁਲਜ਼ਮਾਂ ਵਿਚ ਫਾਰੂਕ ਪੁੱਤਰ ਨਿਸ਼ਾਦ ਵਾਸੀ ਲੁਧਿਆਣਾ ਮੁਹੱਲਾ ਧਾਰੀਵਾਲ ਅਤੇ ਸਤਨਾਮ ਸਿੰਘ ਪੁੱਤਰ ਸਰਦਾਰੀ ਲਾਲ ਅੱਡਾ ਗੋਸਲ ਸ਼ਾਮਿਲ ਹਨ | ਦੋਵਾਂ ਖ਼ਿਲਾਫ਼ ਡਰੱਗਜ਼ ਅਤੇ ਕੋਸਮੈਟਿਕ ਐਕਟ 1940 ਅਤੇ ਨਿਯਮਾਂ ਮਾਲਵੀ 1945 ਤਹਿਤ ਮਾਮਲੇ ਦਰਜ ਕੀਤੇ ਹਨ | ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਪੱਖ ਵਲੋਂ ਦਲੀਲ ਦਿੱਤੀ ਗਈ ਕਿ ਦੋਵੇਂ ਦੋਸ਼ੀ ਬਿਨਾਂ ਲਾਇਸੈਂਸ ਦੇ ਗੈਰ ਕਾਨੰੂਨੀ ਤਰੀਕੇ ਨਾਲ ਐਲੋਪੈਥਿਕ ਦਵਾਈਆਂ ਵੇਚਦੇ ਪਾਏ ਗਏ | ਜਿਸ 'ਤੇ ਅਦਾਲਤ ਨੇ ਸਤਨਾਮ ਸਿੰਘ ਨੰੂ ਤਿੰਨ ਸਾਲ ਦੀ ਸਜ਼ਾ ਤੇ 6300 ਰੁਪਏ ਜੁਰਮਾਨਾ ਕੀਤਾ ਹੈ | ਜਦੋਂ ਕਿ ਫਾਰੂਕ ਨੰੂ 3 ਸਾਲ ਦੀ ਸਜ਼ਾ ਤੇ 66 ਹਜ਼ਾਰ 800 ਰੁਪਏ ਜੁਰਮਾਨਾ ਕੀਤਾ ਹੈ | ਜੁਰਮਾਨਾ ਨਾ ਅਦਾ ਕਰਨ 'ਤੇ ਸਜ਼ਾ 'ਚ ਹੋਰ ਵਾਧਾ ਹੋਵੇਗਾ |