ਬਟਾਲਾ, 5 ਅਪ੍ਰੈਲ (ਸਤਿੰਦਰ ਸਿੰਘ)- ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਸਕੂਲ ਵਿਚ ਹਵਨ ਕਰ ਕੇ ਹੋਈ | ਸਕੂਲ ਚੇਅਰਮੈਨ ਸ਼੍ਰੀ ਅਰਵਿੰਦ ਖੋਸਲਾ, ਪ੍ਰਧਾਨ ਸ਼੍ਰੀ ਅਜੈ ਖੋਸਲਾ, ਪਿ੍ੰਸੀਪਲ ਡਾ. ਬਿੰਦੂ ਭੱਲਾ, ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੀ ਕਮਲ ਅਰੋੜਾ, ਸ਼੍ਰੀ ਵਰਿੰਦਰ ਕਾਂਸਰਾ, ਸ਼੍ਰੀਮਤੀ ਮੋਨਿਕਾ ਖੋਸਲਾ, ਸ਼੍ਰੀਮਤੀ ਮਨੀਸ਼ਾ ਖੋਸਲਾ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਵਨ ਦੀ ਪਵਿੱਤਰ ਅੱਗ 'ਚ ਆਹੂਤੀ ਪਾ ਕੇ ਸਾਰਿਆਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ | ਪਿ੍ੰਸੀਪਲ ਡਾ. ਬਿੰਦੂ ਭੱਲਾ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਦਾ ਸਵਾਗਤ ਕੀਤਾ ਤੇ ਸਾਰਿਆਂ ਨੂੰ ਨਵੇਂ ਅਕਾਦਮਿਕ ਸੈਸ਼ਨ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਸ਼ੁਭ ਮੌਕਾ ਸਾਡੇ ਸਾਰਿਆਂ ਲਈ ਨਵੀਂ ਉਮੀਦ ਤੇ ਨਵੇਂ ਸੰਕਲਪਾਂ ਦਾ ਪ੍ਰਤੀਕ ਹੈ | ਨਵੇਂ ਸਮੈਸਟਰ ਦੀ ਸ਼ੁਰੂਆਤ ਹਵਨ ਵਰਗੀ ਪਵਿੱਤਰ ਰਸਮ ਨਾਲ ਕਰਨਾ ਇਹ ਦਰਸਾਉਂਦਾ ਹੈ ਕਿ ਅਸੀਂ ਗਿਆਨ, ਸੰਸਕਾਰ ਤੇ ਸਫ਼ਲਤਾ ਦੇ ਵੱਲ ਅੱਗੇ ਵਧ ਰਹੇ ਹਾਂ | ਸਾਡਾ ਸਕੂਲ ਹਮੇਸ਼ਾ ਤੋਂ ਮਿਆਰੀ ਸਿੱਖਿਆ ਤੇ ਨੈਤਿਕ ਕਦਰਾਂ ਕੀਮਤਾਂ ਲਈ ਜਾਣਿਆਂ ਜਾਂਦਾ ਹੈ | ਸਾਨੂੰ ਉਮੀਦ ਹੈ ਕਿ ਇਸ ਸਾਲ ਵੀ ਸਾਡੇ ਵਿਦਿਆਰਥੀ ਨਵੀਆਂ ਉਚਾਈਆਂ 'ਤੇ ਪਹੁੰਚਣਗੇ ਤੇ ਸਕੂਲ ਨੂੰ ਸ਼ਾਨ ਪ੍ਰਦਾਨ ਕਰਨਗੇ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ | ਚੇਅਰਮੈਨ ਸ੍ਰੀ ਅਰਵਿੰਦ ਖੋਸਲਾ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਸਕੂਲ ਨਾ ਸਿਰਫ਼ ਸਿੱਖਿਆ ਦਾ ਕੇਂਦਰ ਹੈ, ਸਗੋਂ ਚਰਿੱਤਰ ਨਿਰਮਾਣ ਦਾ ਵੀ ਕੇਂਦਰ ਹੈ | ਇੱਥੇ ਪੜ੍ਹਾਈ ਦੇ ਨਾਲ-ਨਾਲ ਅਨੁਸ਼ਾਸਨ, ਨੈਤਿਕਤਾ ਤੇ ਜੀਵਨ ਕਦਰਾਂ ਕੀਮਤਾਂ ਦੀ ਸਿੱਖਿਆ ਦਿੱਤੀ ਜਾਂਦੀ ਹੈ | ਪ੍ਰਧਾਨ ਸ੍ਰੀ ਅਜੇ ਖੋਸਲਾ ਨੇ ਵਿਦਿਆਰਥੀਆਂ ਨੂੰ ਨਵੇਂ ਵਰ੍ਹੇ 'ਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ |