ਗੁਰਦਾਸਪੁਰ, 5 ਅਪ੍ਰੈਲ (ਅਸ਼ੋਕ ਸ਼ਰਮਾ)- ਸੁਪਰੀਮ ਕੋਰਟ ਵਲੋਂ ਪਲਾਸਟਿਕ ਲਿਫ਼ਾਫ਼ਿਆਂ ਉੱਪਰ ਲਗਾਈ ਪਾਬੰਦੀ ਦੇ ਬਾਵਜੂਦ ਸ਼ਹਿਰੀ ਅਤੇ ਦਿਹਾਤੀ ਖੇਤਰ ਦੀਆਂ ਦੁਕਾਨਾਂ ਅੰਦਰ ਇਨ੍ਹਾਂ ਪਲਾਸਟਿਕ ਲਿਫ਼ਾਫ਼ਿਆਂ ਦੀ ਵਿਕਰੀ ਜ਼ੋਰਾਂ ਨਾਲ ਚੱਲ ਰਹੀ ਹੈ | ਇਨ੍ਹਾਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਸਬੰਧਿਤ ਵਿਭਾਗ ਵਲੋਂ ਕੁਝ ਦਿਨ ਰੌਲਾ ਰੱਪਾ ਕੇ ਪਾ ਕੇ ਖ਼ਾਨਾ ਪੂਰਤੀ ਕਰ ਦਿੱਤੀ ਜਾਂਦੀ ਹੈ ਪਰ ਫਿਰ ਪਰਨਾਲਾ ਉੱਥੇ ਦਾ ਉੱਥੇ ਰਹਿ ਜਾਂਦਾ ਹੈ | ਇਸ ਸਬੰਧੀ ਕੁਝ ਵਾਤਾਵਰਨ ਪ੍ਰੇਮੀਆਂ ਨੇ ਦੱਸਿਆ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ 'ਚ ਪਲਾਸਟਿਕ ਲਿਫ਼ਾਫ਼ਿਆਂ ਦਾ ਅਹਿਮ ਰੋਲ ਹੈ | ਉਨ੍ਹਾਂ ਕਿਹਾ ਪਲਾਸਟਿਕ ਲਿਫ਼ਾਫ਼ਾ ਨਾ-ਗਲਣਯੋਗ ਵਸਤੂ ਹੈ ਜੋ ਕਾਫ਼ੀ ਸਮਾਂ ਮਿੱਟੀ 'ਚ ਦੱਬੇ ਰਹਿਣ ਦੇ ਬਾਵਜੂਦ ਵੀ ਗਲਦਾ ਨਹੀਂ | ਉਨ੍ਹਾਂ ਕਿਹਾ ਕਿ ਲਿਫ਼ਾਫ਼ਿਆਂ ਕਾਰਨ ਸ਼ਹਿਰ ਅੰਦਰ ਇਕ ਖ਼ਾਸ ਸਮੱਸਿਆ ਉਸ ਸਮੇਂ ਪੈਦਾ ਹੁੰਦੀ ਹੈ, ਜਦੋਂ ਪਲਾਸਟਿਕ ਲਿਫ਼ਾਫ਼ੇ ਅਕਸਰ ਨਾਲੇ ਅਤੇ ਸੀਵਰੇਜਾਂ ਅੰਦਰ ਫਸ ਜਾਂਦੇ ਹਨ ਤਾਂ ਬਰਸਾਤਾਂ ਦੇ ਦਿਨਾਂ 'ਚ ਪਾਣੀ ਦਾ ਨਿਕਾਸ ਸਹੀ ਢੰਗ ਨਾਲ ਨਹੀਂ ਹੁੰਦਾ ਤੇ ਪਾਣੀ ਓਵਰਫ਼ਲੋ ਹੋ ਕੇ ਸੜਕਾਂ ਉੱਪਰ ਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਤੇ ਸਬਜ਼ੀ, ਫਲ ਦੀਆਂ ਰੇਹੜੀਆਂ ਵਾਲਿਆਂ ਵਲੋਂ ਇਨ੍ਹਾਂ ਪਲਾਸਟਿਕ ਲਿਫ਼ਾਫ਼ਿਆਂ 'ਚ ਸ਼ਰੇਆਮ ਗ੍ਰਾਹਕਾਂ ਨੂੰ ਸਮਾਨ ਪਾ ਕੇ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਧਰਤੀ ਉੱਪਰ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਕਈ ਬਿਮਾਰੀਆਂ ਜਨਮ ਲੈ ਰਹੀਆਂ ਹਨ ਤੇ ਜੇਕਰ ਸਰਕਾਰਾਂ ਵਲੋਂ ਸਮਾਂ ਰਹਿੰਦਿਆ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਵਾਤਾਵਰਨ ਪ੍ਰਦੂਸ਼ਣ ਹੋਰ ਵੱਧ ਜਾਵੇਗਾ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਬੰਧਿਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਕੇ ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਵਾਤਾਵਰਨ ਪ੍ਰਦੂਸ਼ਣ ਹੋਣ ਤੋਂ ਬਚ ਸਕੇ |