ਗੁਰਦਾਸਪੁਰ, 6 ਅਪ੍ਰੈਲ (ਚੱਕਰਾਜਾ)- ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਵਿੱਦਿਅਕ ਵਰੇ੍ਹ 2025-26 ਲਈ ਪੰਜਵੀਂ ਜਮਾਤ ਦੀ ਲਈ ਗਈ ਪ੍ਰੀਖਿਆ ਤੋਂ ਬਾਅਦ ਆਏ ਨਤੀਜਿਆਂ ਲਈ ਬੱਚਿਆਂ ਨੰੂ ਜਾਰੀ ਕੀਤੇ ਜਾ ਰਹੇ ਪ੍ਰਮਾਣ ਪੱਤਰ ਵਿਚ ਵੱਡੀਆਂ ਤਰੁੱਟੀਆਂ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਵਿਭਾਗ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਵਿਭਾਗ ਵਲੋਂ ਸਕੂਲਾਂ ਨੰੂ ਪਾਸ ਬੱਚਿਆਂ ਨੰੂ ਦੇਣ ਲਈ ਭੇਜੇ ਗਏ ਪ੍ਰਮਾਣ ਪੱਤਰਾਂ ਵਿਚ ਜਨਮ ਤਰੀਕ ਦਾ ਕੋਈ ਕਾਲਮ ਹੀ ਨਹੀਂ ਬਣਾਇਆ ਗਿਆ ਹੈ ਜਿਸ ਕਾਰਨ ਬਿਨਾਂ ਜਨਮ ਤਰੀਕ ਵਾਲੇ ਸਰਟੀਫਿਕੇਟਾਂ ਕਾਰਨ ਬੱਚਿਆਂ ਨੰੂ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਸਕਦੀਆਂ ਹਨ ਕਿਉਂਕਿ ਬੱਚੇ ਵਲੋਂ ਜਦ ਵੀ ਅਗਲੀ ਜਮਾਤ 'ਚ ਦਾਖ਼ਲਾ ਲੈਣ ਲਈ ਪਾਸ ਕੀਤੀ ਜਮਾਤ ਦਾ ਸਰਟੀਫਿਕੇਟ ਸਕੂਲ ਕੋਲ ਪੇਸ਼ ਕੀਤਾ ਜਾਵੇਗਾ ਤਾਂ ਸਕੂਲ ਵਲੋਂ ਸਭ ਤੋਂ ਪਹਿਲਾਂ ਬੱਚੇ ਦੀ ਜਨਮ ਤਰੀਕ ਦੇਖੀ ਜਾਵੇਗੀ ਤੇ ਜਨਮ ਤਰੀਕ ਤੋਂ ਬਿਨਾਂ ਵਾਲੇ ਸਰਟੀਫਿਕੇਟ ਬੱਚਿਆਂ ਨੰੂ ਅਗਲੀ ਜਮਾਤ ਵਿਚ ਦਾਖ਼ਲਾ ਮਿਲਣਾ ਉਚਿੱਤ ਨਹੀਂ ਹੋਵੇਗਾ | ਇਸੇ ਤਰ੍ਹਾਂ ਤਰੁੱਟੀਆਂ ਵਾਲੇ ਬੱਚਿਆਂ ਨੰੂ ਜਾਰੀ ਹੋਏ ਸਰਟੀਫਿਕੇਟ ਭਵਿੱਖ ਵਿਚ ਉਨ੍ਹਾਂ ਲਈ ਸਮੱਸਿਆ ਬਣ ਸਕਦੇ ਹਨ |