ਗੁਰਦਾਸਪੁਰ, 6 ਅਪ੍ਰੈਲ (ਅਸ਼ੋਕ ਸ਼ਰਮਾ)- ਦਰਿਆ ਬਿਆਸ ਨੌਸ਼ਹਿਰਾ ਪੱਤਣ ਕੰਢੇ ਜਗਤਪੁਰ ਅਤੇ ਟਾਂਡਾ ਦੇ ਕਿਸਾਨਾਂ ਨੇ ਦਰਿਆ ਦੇ ਬਾਹਰਲੇ ਹਿੱਸੇ ਵਿਚ ਘੜਿਆਲ ਦੇਖਣ ਨਾਲ ਲੋਕਾਂ ਤੇ ਕਿਸਾਨਾਂ ਦੇ ਮਨ ਵਿਚ ਕਾਫ਼ੀ ਚਿੰਤਾ ਨਜ਼ਰ ਆ ਰਹੀ ਹੈ | ਇੱਥੋਂ ਤੱਕ ਕਿ ਕਿਸਾਨ ਆਪਣੇ ਖੇਤਾਂ ਵੱਲ ਜਾਣ ਤੋਂ ਵੀ ਘਬਰਾ ਰਹੇ ਹਨ | ਸਾਬਕਾ ਸਰਪੰਚ ਰਾਮ ਲੁਭਾਇਆ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵੱਲ ਚੱਕਰ ਮਾਰਨ ਗਏ ਸਨ ਅਤੇ ਦਰਿਆ ਦੇ ਕੰਢੇ ਖੇਤਾਂ ਦੇ ਬਾਹਰ ਘੜਿਆਲ ਧੁੱਪ ਸੇਕਦਾ ਦੇਖਿਆ ਜਿਸ ਨੂੰ ਦੇਖ ਕੇ ਉਹ ਡਰ ਕੇ ਪਿੰਡ ਆ ਗਏ | ਉਨ੍ਹਾਂ ਦੱਸਿਆ ਕਿ ਮਹਿਕਮੇ ਨੇ ਵੱਖ-ਵੱਖ ਦਰਿਆਵਾਂ ਵਿਚ ਮੱਛੀਆਂ ਵਾਂਗ ਘੜਿਆਲ ਦੇ ਬੱਚੇ ਵੀ ਛੱਡੇ ਸਨ, ਜੋ ਹੁਣ ਕਾਫ਼ੀ ਵੱਡੇ ਹੋ ਗਏ ਹਨ | ਜਦੋਂ ਕਿ ਇਸ ਤੋਂ ਪਹਿਲਾਂ ਹੀ ਲੋਕਾਂ ਨੇ ਮਗਰਮੱਛ ਦਰਿਆ ਬਿਆਸ ਵਿਚ ਦੇਖਿਆ ਸੀ ਅਤੇ ਕਿਸਾਨਾਂ ਨੇ ਆਪਣੇ ਖੇਤਾਂ ਵੱਲ ਜਾਣਾ ਛੱਡ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਇਹੋ ਜਿਹੇ ਜਾਨਵਰ ਕਿਸੇ ਵੇਲੇ ਦੀ ਕਿਸਾਨਾਂ 'ਤੇ ਹਮਲਾ ਕਰ ਸਕਦੇ ਹਨ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਦਰਿਆ ਬਿਆਸ ਵਿਚ ਛੱਡੇ ਘੜਿਆਲ ਤੋਂ ਬਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਜਿਸ ਨਾਲ ਲੋਕਾਂ ਦੇ ਜਾਨ ਮਾਲ ਦੀ ਰਾਖੀ ਹੋ ਸਕੇ | ਇਸ ਸਬੰਧੀ ਗੱਲਬਾਤ ਦੌਰਾਨ ਰੇਂਜ ਅਫ਼ਸਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਕੰਜ਼ਰਵੇਸ਼ਨ ਭੂਮੀ ਅਧੀਨ ਆਉਂਦਾ ਹੈ ਤੇ ਇਹ ਪ੍ਰਜਾਤੀ ਘੜਿਆਲ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਕਰਦੀ ਤੇ ਅਜਿਹੇ ਜਾਨਵਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ | ਉਨ੍ਹਾਂ ਕਿਹਾ ਘੜਿਆਲ ਤੋਂ ਡਰਨ ਦੀ ਕੋਈ ਲੋੜ ਨਹੀਂ ਤੇ ਇਹ ਆਪਣੇ-ਆਪਣੇ ਏਰੀਏ ਤੱਕ ਹੀ ਸੀਮਤ ਰਹਿੰਦੇ ਹਨ |