ਸ਼ਾਹਪੁਰ ਕੰਢੀ, 6 ਅਪ੍ਰੈਲ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਪ੍ਰਧਾਨ ਜਸਵੰਤ ਸਿੰਘ ਸੰਧੂ ਅਤੇ ਰੌਸ਼ਨ ਲਾਲ ਭਗਤ ਦੀ ਅਗਵਾਈ ਹੇਠ ਪਹਿਲਾਂ ਮੁੱਖ ਇੰਜੀਨੀਅਰ ਦਫ਼ਤਰ ਦਾ ਘਿਰਾਓ ਕੀਤਾ, ਫਿਰ ਦਫ਼ਤਰ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ | ਧਰਨੇ ਨੰੂ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਸ਼ਾਹਪੁਰ ਕੰਢੀ ਡੈਮ ਪ੍ਰਸ਼ਾਸਨ ਨੇ ਡੈਮ ਦੀ ਝੀਲ ਬਣਾਉਣ ਲਈ ਜਿਹੜੀ ਜ਼ਮੀਨ ਐਕਵਾਇਰ ਕੀਤੀ ਸੀ, ਉਨ੍ਹਾਂ ਡੈਮ ਔਸਤੀਆਂ ਨੰੂ ਅੱਜ ਤੱਕ ਇਨਸਾਫ਼ ਨਹੀਂ ਮਿਲਿਆ | ਜਦੋਂ ਵੀ ਸਰਕਾਰ ਕੋਈ ਡੈਮ ਬਣਾਉਣ ਲਈ ਜ਼ਮੀਨ ਐਕਵਾਇਰ ਕਰਦੀ ਹੈ ਤਾਂ ਉਜੜਣ ਵਾਲੇ ਪਰਿਵਾਰਾਂ ਨੰੂ ਡੈਮ ਔਸਤੀ ਸਮਝਦੇ ਹੋਏ ਆਰ.ਐਂਡ.ਆਰ. ਪਾਲਸੀ ਤਹਿਤ ਰੁਜ਼ਗਾਰ ਦਿੱਤਾ ਜਾਂਦਾ ਹੈ ਪਰ ਸ਼ਾਹਪੁਰ ਕੰਢੀ ਡੈਮ ਦੀ ਝੀਲ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਮਾਲਕਾਂ ਨੰੂ ਕੋਈ ਰੁਜ਼ਗਾਰ ਨਹੀਂ ਦਿੱਤਾ ਜਿਸ ਕਾਰਨ ਡੈਮ ਔਸਤੀ ਪਿਛਲੇ 369 ਦਿਨਾਂ ਤੋਂ ਭੁੱਖ ਹੜਤਾਲ ਉਪਰ ਬੈਠੇ ਹਨ | ਉਨ੍ਹਾਂ ਕਾਰਜਕਾਰੀ ਇੰਜੀਨੀਅਰ ਨੰੂ ਮੰਗ ਪੱਤਰ ਵੀ ਦਿੱਤਾ | ਇਸ ਮੌਕੇ ਮਹਿੰਦਰ ਸਿੰਘ ਕਾਹਲੋਂ, ਸੁਰਜੀਤ ਸਿੰਘ, ਰਵਿੰਦਰ ਕੁਮਾਰ, ਯੁਵਰਾਜ ਸਿੰਘ, ਰਜਤ ਬਨੋਤਰਾ, ਰੋਹਿਨ ਮਹਿਰਾ, ਕਰਮਵੀਰ ਸਿੰਘ, ਸਾਹਿਲ ਸਲਾਰੀਆ, ਅਮਿਤ ਕੁਮਾਰ, ਬਲਬੀਰ ਸਿੰਘ ਤੇ ਉਮੇਸ਼ ਕੁਮਾਰ ਆਦਿ ਹਾਜ਼ਰ ਸਨ |