ਗੁਰਦਾਸਪੁਰ, 8 ਅਪ੍ਰੈਲ (ਚੱਕਰਾਜਾ/ਗੁਰਪ੍ਰਤਾਪ ਸਿੰਘ)- ਗੁਰਦਾਸਪੁਰ ਦੇ ਬੱਬਰੀ ਬਾਈਪਾਸ 'ਤੇ ਅੱਜ ਸ਼ਾਮ ਕਰੀਬ 4:45 ਵਜੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦ ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਸੜਕ ਤੋਂ ਦੂਸਰੇ ਪਾਸੇ ਆ ਰਹੀ ਕਾਰ ਉਪਰ ਪਲਟ ਗਈ ਜਿਸ ਨਾਲ ਬੱਸ ਅੰਦਰ ਸਵਾਰ 35 ਤੋਂ ਵੱਧ ਸਵਾਰੀਆਂ ਵਿਚੋਂ 25 ਤੋਂ ਵੱਧ ਸਵਾਰੀਆਂ ਗੰਭੀਰ ਰੂਪ 'ਚ ਜ਼ਖ਼ਮੀਆਂ ਹੋ ਗਈਆਂ | ਜਦੋਂ ਕਿ ਕਾਰ ਦੇ ਪੂਰੀ ਤਰ੍ਹਾਂ ਟੁੱਟ ਜਾਣ ਤੋਂ ਬਾਅਦ ਵੀ ਕਾਰ ਸਵਾਰ ਵਾਲ ਵਾਲ ਬਚ ਗਿਆ | ਇਹ ਨਿੱਜੀ ਬੱਸ ਨੰਬਰ ਪੀ.ਬੀ. 02 ਸੀ.ਸੀ. 7667 ਗੁਰਦਾਸਪੁਰ ਤੋਂ ਅੰਮਿ੍ਤਸਰ ਨੰੂ ਜਾ ਰਹੀ ਸੀ | ਮੌਕੇ 'ਤੇ ਲੋਕਾਂ ਅਨੁਸਾਰ ਬੱਸ ਦੀ ਸਪੀਡ ਜ਼ਿਆਦਾ ਸੀ ਅਤੇ ਲਗਾਤਾਰ ਪੈ ਰਹੇ ਮੀਂਹ ਕਾਰਨ ਬੱਸ ਬੱਬਰੀ ਬਾਈਪਾਸ 'ਤੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਵੱਜ ਕੇ ਦੂਸਰੇ ਪਾਸੇ ਤੋਂ ਆ ਰਹੀ ਕਾਰ ਨੰਬਰ ਪੀ.ਬੀ. 06 ਬੀ.ਏ. 6004 ਉਪਰ ਪਲਟ ਗਈ | ਇਹ ਹਾਦਸਾ ਇੰਨ੍ਹਾ ਭਿਆਨਕ ਸੀ ਕਿ ਕਾਰ ਤੇ ਬੱਸ ਦੋਨੋਂ ਬੁਰੀ ਤਰ੍ਹਾਂ ਨੁਕਸਾਨੇ ਗਏ | ਮੌਕੇ 'ਤੇ ਪਹੁੰਚੇ ਪੁਲਿਸ ਬਲ ਅਤੇ ਆਸ-ਪਾਸ ਦੇ ਲੋਕਾਂ ਵਲੋਂ ਕਈ ਐਂਬੂਲੈਂਸਾਂ ਦੀ ਮਦਦ ਨਾਲ ਜ਼ਖ਼ਮੀਆਂ ਨੰੂ ਸਿਵਲ ਹਸਪਤਾਲ ਗੁਰਦਾਸਪੁਰ ਤੇ ਨਿੱਜੀ ਹਸਪਤਾਲਾਂ 'ਚ ਪਹੁੰਚਾਇਆ ਗਿਆ ਜਿਨ੍ਹਾਂ ਵਿਚੋਂ ਕੁਝ ਲੋਕਾਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ | ਇਹ ਵੀ ਜਾਣਕਾਰੀ ਆ ਰਹੀ ਹੈ ਕਿ ਇਸ ਬੱਸ ਵਿਚ ਸਵਾਰ ਪਿੰਡ ਸੱਦੇ ਨਾਲ ਸਬੰਧਿਤ ਇਕੋ ਪਰਿਵਾਰ ਦੇ ਚਾਰ ਜੀਅ ਜਿਨ੍ਹਾਂ 'ਚੋਂ ਹਰਦੀਪ ਕੁਮਾਰ ਨਾਮ ਦੇ ਵਿਅਕਤੀ ਦੀ ਇਸ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਮੌਤ ਹੋ ਚੁੱਕੀ ਹੈ ਤੇ ਉਸ ਦੀ ਪਤਨੀ ਤੇ ਦੋ ਬੇਟੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ | ਖ਼ਬਰ ਲਿਖੇ ਜਾਣ ਤੱਕ ਹੋਰ ਜ਼ਖ਼ਮੀ ਹੋਏ ਲੋਕਾਂ ਦੀ ਸ਼ਨਾਖਤ ਨਹੀਂ ਹੋ ਸਕੀ | ਜ਼ਿਕਰਯੋਗ ਹੈ ਕਿ ਬੱਬਰੀ ਬਾਈਪਾਸ 'ਤੇ ਲਗਾਤਾਰ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ ਜਿਸ ਕਾਰਨ ਇਸ ਚੌਕ ਨੰੂ ਲੋਕ ਖੂਨੀ ਚੌਕ ਦੇ ਨਾਮ ਨਾਲ ਵੀ ਬੁਲਾਉਂਦੇ ਹਨ | ਗੁਰਦਾਸਪੁਰ ਬਾਈਪਾਸ ਤੋਂ ਅੰਮਿ੍ਤਸਰ ਨੰੂ ਜਾਣ ਵਾਲੇ ਰਸਤੇ 'ਤੇ ਬਣਾਇਆ ਗਿਆ ਇਹ ਚੌਕ ਜਿਸ ਦਾ ਮੋੜ ਅਜਿਹਾ ਹੈ ਕਿ ਉਸ ਜਗ੍ਹਾ 'ਤੇ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀਆਂ ਗੱਡੀਆਂ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਉਂਦੀਆਂ ਹਨ ਜਿਸ ਕਾਰਨ ਹੁਣ ਤੱਕ ਕਈ ਹਾਦਸੇ ਵਾਪਰ ਚੁੱਕੇ ਹਨ ਤੇ ਲੋਕ ਆਪਣੇ ਮਾਲੀ ਨੁਕਸਾਨ ਦੇ ਨਾਲ ਨਾਲ ਆਪਣੀਆਂ ਕੀਮਤੀ ਜਾਨਾਂ ਤੱਕ ਗੁਆ ਚੁੱਕੇ ਹਨ | ਧੁੰਦਾਂ ਦੇ ਦਿਨਾਂ ਵਿਚ ਇਸ ਚੌਕ ਵਿਚ ਹਾਦਸਿਆਂ ਦੀ ਗਿਣਤੀ ਹੋਰ ਵੀ ਵੱਧ ਜਾਂਦੀ ਹੈ ਪਰ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਇਸ ਵਲੋਂ ਮੂੰਹ ਫੇਰ ਕੇ ਬੈਠਾ ਹੋਇਆ ਹੈ | ਚੌਕ ਵਿਚ ਪਹੁੰਚਣ ਤੋਂ ਪਹਿਲਾਂ ਨਾ ਤਾਂ ਗੱਡੀਆਂ ਦੀ ਰਫਤਾਰ ਨੰੂ ਘੱਟ ਕਰਨ ਲਈ ਕੋਈ ਬੈਰਕੇਡਿੰਗ ਕੀਤੀ ਗਈ ਹੈ ਤੇ ਨਾ ਹੀ ਸਪੀਡ ਬਰੇਕਰ ਬਣਾਏ ਗਏ ਹਨ | ਇਸ ਦੇ ਨਾਲ-ਨਾਲ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਆਉਣ ਵਾਲੇ ਲੋਕ ਵੀ ਗ਼ਲਤ ਪਾਸੇ ਤੋਂ ਇਸ ਬਾਈਪਾਸ ਵੱਲ ਆਉਂਦੇ ਹਨ ਜਿਨ੍ਹਾਂ ਕਾਰਨ ਹੀ ਪਿਛਲੇ ਦਿਨਾਂ ਅੰਦਰ ਕਈ ਹਾਦਸੇ ਵਾਪਰ ਚੁੱਕੇ ਹਨ | ਪ੍ਰਸ਼ਾਸਨ ਨੰੂ ਇਸ ਵੱਲ ਧਿਆਨ ਦੇਣ ਦੀ ਲੋੜ ਹੈ |