05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਇਨਸਾਫ਼ ਦੀ ਮੰਗ ਕਰਦਿਆਂ ਪਿਓ-ਪੁੱਤ ਹਾਈ ਵੋਲਟੇਜ ਤਾਰਾਂ ਦੇ ਟਾਵਰ 'ਤੇ ਚੜੇ੍ਹ

Ad Position 21
No active advertisement
ਅਜੀਤ ਡੈਸਕ 09-04-2026
ਘੁਮਾਣ, 8 ਅਪ੍ਰੈਲ (ਬੰਮਰਾਹ, ਬਾਵਾ)- ਘੁਮਾਣ ਤੋਂ ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਦਾਣਾ ਮੰਡੀ ਦੇ ਨਜ਼ਦੀਕ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੇ ਟਾਵਰ 'ਤੇ ਹਰਮਨਦੀਪ ਸਿੰਘ ਤੇ ਉਸ ਦੇ ਪਿਤਾ ਹਰਦੇਵ ਸਿੰਘ ਸਵੇਰੇ 9 ਵਜੇ ਚੜ੍ਹ ਗਏ | ਇਸ ਸਬੰਧੀ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਹਰਦੇਵ ਸਿੰਘ ਨੇ ਦੱਸਿਆ ਕਿ 15 ਫਰਵਰੀ 2021 ਨੂੰ ਮੇਰੇ ਦੋ ਪੁੱਤਰ ਹਰਮਨਦੀਪ ਸਿੰਘ ਤੇ ਸਿਮਰਨਜੀਤ ਸਿੰਘ ਸਰਕਾਰੀ ਸਕੂਲ ਵਿਚ ਪੇਪਰ ਦੇ ਕੇ ਬਾਹਰ ਨਿਕਲ ਰਹੇ ਸਨ ਕਿ ਮੇਰੇ ਪਿੰਡ ਦੇ ਹੀ ਲੋਕਾਂ ਨੇ ਪੁਰਾਣੀ ਰੰਜਿਸ਼ ਤਹਿਤ ਮੇਰੇ ਦੋਵੇਂ ਪੁੱਤਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਸਿਮਰਨਜੀਤ ਸਿੰਘ ਜ਼ਖਮਾਂ ਦਾ ਤਾਬ ਨਾ ਝਲਦਿਆਂ ਦਮ ਤੋੜ ਗਿਆ | ਉਨ੍ਹਾਂ ਕਿਹਾ ਕਿ ਦਿਨ-ਦਿਹਾੜੇ ਮੇਰੇ ਪੁੱਤਰ ਦੇ ਕਤਲ 'ਚ ਸ਼ਾਮਿਲ 10 ਵਿਅਕਤੀਆਂ ਖਿਲਾਫ਼ ਘੁਮਾਣ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦਾ ਇਨਸਾਫ ਲੈਣ ਲਈ ਹੁਣ ਤੱਕ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ | ਉਨ੍ਹਾਂ ਕਿਹਾ ਕਿ ਜਿਹੜੀ ਧਿਰ ਨੇ ਮੇਰੇ ਪੁੱਤਰ ਦਾ ਕਤਲ ਕੀਤਾ ਸੀ ਉਹ ਸਾਨੂੰ ਦਬਾਉਣਾ ਚਾਹੁੰਦੇ ਹਨ ਤਾਂ ਜੋ ਅਸੀਂ ਕਤਲ ਕੇਸ ਵਿਚੋਂ ਪਿੱਛੇ ਹਟ ਜਾਈਏ ਪਰ ਆਪਣੇ ਪੁੱਤਰ ਦੇ ਕਤਲ ਦਾ ਇਨਸਾਫ ਲੈਣ ਲਈ ਅਸੀਂ ਤਰੀਕਾਂ ਭੁਗਤ ਰਹੇ ਹਾਂ ਪਰ ਦੋਸ਼ੀ ਸ਼ਰੇਆਮ ਜ਼ਮਾਨਤਾਂ ਲੈ ਕੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ 2 ਮਾਰਚ ਨੂੰ ਮੈਂ ਤੇ ਮੇਰਾ ਪੁੱਤਰ ਆਪਣੇ ਕੇਸ ਦੀ ਤਰੀਕ ਭੁਗਤਣ ਲਈ ਬਟਾਲੇ ਗਏ ਸੀ ਜਿੱਥੇ ਦੂਸਰੀ ਧਿਰ ਨੇ ਸਾਨੂੰ ਧਮਕਾਇਆ ਜਿਸ ਸਬੰਧੀ ਅਸੀਂ ਜੱਜ ਨੂੰ ਬੇਨਤੀ ਵੀ ਕੀਤੀ ਤੇ ਜੱਜ ਨੇ ਕਿਹਾ ਸੀ ਕਿ ਅਗਲੀ ਤਰੀਕ ਵਿਚ ਇਸ ਦੀ ਸੁਣਵਾਈ ਕਰਾਂਗੇ ਪਰ ਸਾਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਵਿਅਕਤੀਆਂ ਨੇ ਪੁਲਿਸ ਨਾਲ ਕਥਿਤ ਤੌਰ 'ਤੇ ਰਲ ਕੇ ਸਾਡੇ 'ਤੇ ਝੂਠਾ ਮੁਕੱਦਮਾ ਦਰਜ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਅੱਜ ਸਵੇਰੇ ਤੜਕਸਾਰ 7 ਵਜੇ ਮੈਂ ਤੇ ਮੇਰਾ ਵੱਡਾ ਪੁੱਤਰ ਕਿਸੇ ਕੰਮ ਲਈ ਗਏ ਹੋਏ ਸੀ ਤੇ ਪਿੱਛੋਂ ਮੇਰੇ ਛੋਟੇ ਪੁੱਤਰ ਨੂੰ ਬਟਾਲਾ ਤੋਂ ਆਈ ਪੁਲਿਸ ਚੁੱਕ ਕੇ ਲੈ ਗਈ | ਉਨ੍ਹਾਂ ਕਿਹਾ ਕਿ ਦੂਸਰੀ ਧਿਰ ਸਾਨੂੰ ਜਾਣਬੁੱਝ ਕੇ ਕੇਸਾਂ 'ਚ ਉਲਝਾਉਣਾ ਚਾਹੁੰਦੀ ਹੈ ਤਾਂ ਜੋ ਅਸੀਂ ਆਪਣੇ ਕੇਸ ਵਾਪਸ ਲੈ ਸਕੀਏ | ਉਨ੍ਹਾਂ ਕਿਹਾ ਕਿ ਮੈਂ ਉਨਾ ਚਿਰ ਤੱਕ ਟਾਵਰ ਤੋਂ ਨਹੀਂ ਉਤਰਾਂਗਾ, ਜਦੋਂ ਤੱਕ ਪੁਲਿਸ ਵਲੋਂ ਦਰਜ ਕੀਤਾ ਝੂਠਾ ਮੁਕੱਦਮਾ ਰੱਦ ਨਹੀਂ ਹੁੰਦਾ ਤੇ ਮੇਰੇ ਪੁੱਤਰ ਨੂੰ ਛੱਡਿਆ ਨਹੀਂ ਜਾਂਦਾ | ਟਾਵਰ 'ਤੇ ਚੜ੍ਹੇ ਪਿਓ-ਪੁੱਤ ਨੂੰ ਇਨਸਾਫ ਦਵਾਉਣ ਲਈ ਕਿਸਾਨ ਮਜਦੂਰ ਸੰਘਰਸ਼ ਕਮੇਟੀ ਤੇ ਹੋਰ ਭਰਾਤਰੀ ਜਥੇਬੰਦੀਆਂ ਮੌਕੇ 'ਤੇ ਪਹੁੰਚੀਆਂ ਜਿੱਥੇ ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਥਾਣਾ ਘੁਮਾਣ ਦੇ ਐਸ.ਐਚ.ਓ. ਹਰਜਿੰਦਰ ਸਿੰਘ ਦਿਓਲ ਨੇ ਕਿਹਾ ਕਿ ਸਿੰਬਲ ਚੌਂਕੀ ਵਿਚ ਇਨ੍ਹਾਂ ਪਿਓ-ਪੁੱਤਰਾਂ 'ਤੇ 326 ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ ਤੇ ਦੋਨਾਂ ਪਿਓ-ਪੱੁਤਰਾਂ ਨੂੰ ਟਾਵਰ ਤੋਂ ਹੇਠਾਂ ਉਤਰਨ ਦੀ ਅਪੀਲ ਕੀਤੀ ਜਾ ਰਹੀ ਹੈ | ਇਸ ਸਬੰਧੀ ਐੱਸ.ਐੱਚ.ਓ. ਗੁਰਮੀਤ ਸਿੰਘ ਨਾਗਰਾ ਨੇ ਕਿਹਾ ਕਿ ਲੜਾਈ-ਝਗੜੇ ਦਾ ਮੁਕੱਦਮਾ ਸਿੰਬਲ ਚੌਕੀ ਬਟਾਲਾ ਵਿਖੇ ਦਰਜ ਹੋਇਆ ਹੈ ਪਰ ਇਸ ਵਿਚ ਕਿਸੇ ਨੂੰ ਵੀ ਗਿ੍ਫਤਾਰ ਨਹੀਂ ਕੀਤਾ ਗਿਆ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੀਰੀ-ਪੀਰੀ ਜ਼ੋਨ ਦੇ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ ਨੇ ਕਿਹਾ ਕਿ ਡੀ.ਐੱਸ.ਪੀ. ਸ਼੍ਰੀ ਹਰਿਗੋਬਿੰਦਪੁਰ ਹਰੀਸ਼ ਬਹਿਲ ਦੇ ਭਰੋਸੇ ਤੋਂ ਬਾਅਦ ਤੇ ਜਥੇਬੰਦੀ ਦੇ ਉੱਚ ਆਗੂਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਨੌਜਵਾਨ ਨੂੰ ਪੁਲਿਸ ਨੇ ਪਰਿਵਾਰਕ ਮੈਂਬਰਾਂ ਤੇ ਜਥੇਬੰਦੀ ਦੇ ਸਪੁਰਦ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਯੂਨੀਅਨ ਦੇ ਆਗੂ ਐਸ.ਐਸ.ਪੀ. ਬਟਾਲਾ ਨਾਲ 9 ਅਪ੍ਰੈਲ ਨੂੰ ਮੀਟਿੰਗ ਕਰਨਗੇ | ਇਸ ਦੇ ਨਾਲ ਹੀ ਇਹ ਵੀ ਸਹਿਮਤੀ ਬਣੀ ਹੈ ਕਿ ਪੁਲਿਸ ਦੂਸਰੀ ਧਿਰ ਦੀਆਂ ਜ਼ਮਾਨਤਾਂ ਰੱਦ ਕਰਵਾਉਣ ਲਈ ਸਿਫਾਰਿਸ਼ ਕਰੇਗੀ ਤੇ ਨਾਲ ਹੀ ਇਸ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੋਵੇਗੀ | ਡੀ.ਐਸ.ਪੀ. ਸ੍ਰੀ ਹਰੀਸ ਬਹਿਲ ਨੇ ਯੂਨੀਅਨ ਦੀਆਂ ਮੰਗਾਂ ਸਬੰਧੀ ਐਸ.ਐਸ.ਪੀ. ਬਟਾਲਾ ਨਾਲ ਗੱਲਬਾਤ ਕਰ ਕੇ ਯੂਨੀਅਨ ਨੂੰ ਭਰੋਸਾ ਦਿੱਤਾ | ਇਸ ਮੌਕੇ ਹਜੂਰ ਸਿੰਘਪੁਰਾ, ਡਾਕਟਰ ਬਲਵਿੰਦਰ ਸਿੰਘ, ਸੋਹਣ ਸਿੰਘ ਪੱਡੇ, ਆਗਿਆਪਾਲ ਸਿੰਘ ਬੋਲੇਵਾਲ, ਜੋਗਿੰਦਰ ਸਿੰਘ ਕੋਟਲੀ, ਸੂਬਾ ਸਿੰਘ, ਬਲਦੇਵ ਸਿੰਘ ਕੋਟਲਾ ਸੂਬਾ ਸਿੰਘ, ਸਰਵਣ ਸਿੰਘ ਪੱਡੇ ਤੋਂ ਇਲਾਵਾ ਯੂਨੀਅਨ ਦੇ ਹੋਰ ਕਈ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਰਜਾ ਚਾਰ ਮੁਲਾਜ਼ਮ ਯੂਨੀਅਨ ਦੇ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਗੁਰਦਾਸਪੁਰ ਦੇ ਬੱਬਰੀ ਬਾਈਪਾਸ 'ਤੇ ਕਾਰ ਉਪਰ ਪਲਟੀ ਸਵਾਰੀਆਂ ਨਾਲ ਭਰੀ ਬੱਸ
Ad Position 24