ਗੁਰਦਾਸਪੁਰ, 8 ਅਪ੍ਰੈਲ (ਚੱਕਰਾਜਾ)-ਵਿਦੇਸ਼ ਭੇਜਣ ਦੇ ਨਾਂਅ 'ਤੇ ਇਕ ਟਰੈਵਲ ਏਜੰਟ 'ਤੇ ਠੱਗੀ ਮਾਰਨ ਦੇ ਦੋਸ਼ ਤਹਿਤ ਥਾਣਾ ਐੱਨ.ਆਰ.ਆਈ. ਗੁਰਦਾਸਪੁਰ ਵਲੋਂ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਕੋਲ ਕੀਤੀ ਸ਼ਿਕਾਇਤ 'ਚ ਬਲਜਿੰਦਰ ਕੁਮਾਰ ਪੁੱਤਰ ਰੌਸ਼ਨ ਲਾਲ ਵਾਸੀ ਦੋਰਾਂਗਲਾ ਜ਼ਿਲ੍ਹਾ ਗੁਰਦਾਸਪੁਰ ਨੇ ਦੱਸਿਆ ਕਿ ਮੈਂ ਤੇ ਮੇਰਾ ਭਰਾ ਕਰਨ ਕੁਮਾਰ ਵਿਦੇਸ਼ ਜਾਣ ਦੇ ਚਾਹਵਾਨ ਸਨ, ਜਿਸ 'ਤੇ ਮੇਰੇ ਵਲੋਂ ਕੇ. ਐੱਸ. ਟਰੈਵਲ ਏਜੰਟ ਗੁਰਦਾਸਪੁਰ ਵਿਖੇ ਰਮਨ ਮਲਹੋਤਰਾ ਉਰਫ਼ ਲਾਲੀ ਨਾਲ ਗੱਲਬਾਤ ਕੀਤੀ ਗਈ ਅਤੇ ਉਸ ਵਲੋਂ ਉਨ੍ਹਾਂ ਨੰੂ ਸਿੰਘਾਪੁਰ 5 ਸਾਲ ਦੇ ਵਰਕ ਵੀਜ਼ੇ 'ਤੇ ਭੇਜਣ ਦਾ ਭਰੋਸਾ ਦਿਵਾਇਆ ਗਿਆ ਅਤੇ ਇਸ ਦਾ ਖ਼ਰਚ 10 ਲੱਖ ਰੁਪਏ ਦੱਸਿਆ, ਜਿਸ 'ਤੇ ਉਨ੍ਹਾਂ ਵਲੋਂ ਇਕ ਲੱਖ ਰੁਪਏ ਏਜੰਟ ਦੇ ਖਾਤੇ ਵਿਚ ਟਰਾਂਸਫ਼ਰ ਕੀਤੇ ਗਏ ਅਤੇ 5 ਲੱਖ ਰੁਪਏ ਨਕਦ ਉਸ ਦੇ ਦਫ਼ਤਰ ਵਿਖੇ ਦਿੱਤੇ ਗਏ | ਜਿਸ ਤੋਂ ਬਾਅਦ 4 ਲੱਖ ਰੁਪਏ ਹੋਰ ਉਸ ਨੰੂ ਨਕਦ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਏਜੰਟ ਵਲੋਂ ਉਸ ਨੰੂ ਸਿੰਘਾਪੁਰ ਭੇਜ ਦਿੱਤਾ ਗਿਆ, ਪਰ ਉਸ ਨੰੂ ਉਥੇ ਜਾ ਕੇ ਪਤਾ ਲੱਗਾ ਕਿ ਉਸ ਦਾ ਵੀਜ਼ਾ ਵਰਕ ਵੀਜ਼ਾ ਨਹੀਂ, ਸਗੋਂ ਟੀ. ਪੀ. ਵੀਜ਼ਾ ਲੱਗਾ ਹੈ ਜੋ ਸਿਰਫ਼ ਤਿੰਨ ਮਹੀਨੇ ਦਾ ਸੀ | ਉਨ੍ਹਾਂ ਦੱਸਿਆ ਕਿ ਜਦੋਂ ਉਸ ਵਲੋਂ ਏਜੰਟ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਨੰੂ ਵਾਪਸ ਆਉਣ ਤੋਂ ਬਾਅਦ ਮੁੜ ਵਰਕ ਵੀਜ਼ੇ 'ਤੇ ਭੇਜ ਦਿੱਤਾ ਜਾਵੇਗਾ, ਜਿਸ 'ਤੇ ਉਹ 26 ਦਿਨ ਸਿੰਘਾਪੁਰ ਰਹਿਣ ਤੋਂ ਬਾਅਦ ਪਰਤ ਆਇਆ | ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਮੁੜ ਏਜੰਟ ਨੰੂ ਵਰਕ ਵੀਜ਼ੇ 'ਤੇ ਭੇਜਣ ਲਈ ਕਿਹਾ ਗਿਆ ਤਾਂ ਉਸ ਵਲੋਂ ਆਨਾਕਾਨੀ ਕੀਤੀ ਗਈ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਮੋੜੇ ਗਏ | ਜਿਸ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਕੇ ਟਰੈਵਲ ਏਜੰਟ ਰਮਨ ਮਲਹੋਤਰਾ ਉਰਫ਼ ਲਾਲੀ ਵਾਸੀ ਸੰਗਤਪੁਰ ਖ਼ਿਲਾਫ਼ ਬਣਦੀਆਂ ਧਰਾਵਾਂ ਹੇਠ ਮਾਮਲਾ ਦਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |