ਗੁਰਦਾਸਪੁਰ, 8 ਅਪ੍ਰੈਲ (ਪੰਕਜ ਸ਼ਰਮਾ)-ਸਾਂਝਾ ਅਧਿਆਪਕ ਮੋਰਚਾ ਤੇ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਲੋਂ ਵਾਅਦਾ ਖ਼ਿਲਾਫ਼ੀ ਕਰਨ 'ਤੇ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਅਤੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਅਸ਼ਵਨੀ ਫੱਜੂਪਰ, ਸੋਮ ਸਿੰਘ, ਕੁਲਦੀਪ ਪੂਰੋਵਾਲ, ਅਨਿਲ ਕੁਮਾਰ ਲਹੌਰੀਆ, ਪ੍ਰਭਜੋਤ ਸਿੰਘ, ਰਸ਼ਪਾਲ ਭੁੰਬਲੀ, ਰਵਿੰਦਰਜੀਤ ਪੰਨੂ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਨਾਲ ਸਿੱਖਿਆ ਮੰਤਰੀ ਪੰਜਾਬ ਵਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਟੈੱਟ ਸਬੰਧੀ ਪੰਜਾਬ ਵਿਧਾਨ ਸਭਾ ਵਿਚ ਬਿੱਲ ਲਿਆਉਣ ਅਤੇ ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨ ਦਰਜ ਕਰਨ ਦਾ ਵਾਅਦਾ ਕੀਤਾ ਗਿਆ ਸੀ ਜੋ ਵਫ਼ਾ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵਲੋਂ ਵਿਧਾਨ ਸਭਾ ਵਿਚ ਟੱੈਟ ਸਬੰਧੀ ਕੋਈ ਚਰਚਾ ਨਾ ਕਰਕੇ ਕੀਤੇ ਵਾਅਦੇ ਨੂੰ ਤੋੜਿਆ ਹੈ | ਜਿਸ ਦੀ ਆਗੂਆਂ ਵਲੋਂ ਨਿਖੇਧੀ ਕੀਤੀ ਗਈ | ਆਗੂਆਂ ਨੇ ਮੰਗ ਕੀਤੀ ਕਿ ਰਾਜ ਸਭਾ ਵਿਚ ਸੰਸਦ ਮੈਂਬਰ ਜੌਹਨ ਬਿਰਟਾਸ ਵਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਪੇਸ਼ ਕੀਤੇ ਪ੍ਰਾਈਵੇਟ ਬਿੱਲ ਨੂੰ ਤੁਰੰਤ ਪਾਸ ਕੀਤਾ ਜਾਵੇ | ਆਗੂਆਂ ਪੰਜਾਬ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਨਾ ਹੀ ਮੁਲਾਜ਼ਮਾਂ ਦਾ 16 ਫੀਸਦੀ ਪਿਛਲਾ ਮਹਿੰਗਾਈ ਭੱਤਾ ਲਾਗੂ ਕੀਤਾ ਹੈ, ਸਗੋਂ ਉਲਟਾ ਪੰਜਾਬ ਸਰਕਾਰ ਮਾਨਯੋਗ ਹਾਈਕੋਰਟ ਵਿਚ ਮਹਿੰਗਾਈ ਭੱਤਾ ਦੇਣ ਤੋਂ ਮੁਨਕਰ ਹੋਣ ਦਾ ਘੋਸ਼ਣਾ ਪੱਤਰ ਪੇਸ਼ ਕਰ ਰਹੀ ਹੈ | ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਗੈਰ ਵਿੱਦਿਅਕ ਡਿਊਟੀਆਂ ਖ਼ਤਮ ਕੀਤੀਆਂ ਜਾਣ | ਇਸ ਮੌਕੇ ਹਰਪ੍ਰੀਤ ਸਿੰਘ, ਲਵਪ੍ਰੀਤ ਰੋੜਾਂਵਾਲੀ, ਗੁਰਵਿੰਦਰ ਸਿੰਘ ਸੈਣੀ, ਗਗਨ ਬੋਪਾਰਾਏ, ਜੋਤ ਪ੍ਰਕਾਸ਼ ਸਿੰਘ, ਮਨਪ੍ਰੀਤ ਸਿੰਘ, ਸੁਪਿੰਦਰ ਸਿੰਘ, ਅਨਿਲ ਸ਼ਰਮਾ, ਪਵਨ ਕੁਮਾਰ, ਹਰਜੀਤ ਸਿੰਘ, ਸੰਜੀਵ ਕੁਮਾਰ, ਜਗਦੀਪ ਸ਼ਰਮਾ ਅਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |