ਕਲਾਨੌਰ, 8 ਅਪ੍ਰੈਲ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਇਸ ਖੇਤਰ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾ ਕੇ ਬੱਚਿਆਂ ਦਾ ਭਵਿੱਖ ਉੱਜਵਲ ਕਰਨ ਸਮੇਤ ਉਨ੍ਹਾਂ ਨੂੰ ਸਵੈ ਰੋਜ਼ਗਾਰ ਦੇ ਮੌੌਕੇ ਮੁਹੱਈਆ ਕਰਾਉਣ 'ਚ ਨਿਰੰਤਰ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ | ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਕਲਾਨੌਰ ਵਿਖੇ ਸਥਾਪਿਤ ਕਰਨ ਲਈ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਤੇੇ ਕਾਂਗਰਸ ਦੀ ਸਰਕਾਰ ਤਬਦੀਲੀ 'ਚ ਇਸ ਦਾ ਨਿਰਮਾਣ ਹੋਇਆ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਯਤਨਾਂ ਸਦਕਾ 2018 'ਚ ਇਸ ਦੀ ਸ਼ਰੂਆਤ ਕੀਤੀ | ਉਸ ਸਮੇਂ ਇਸ ਦਾ ਨਾਂਅ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੀ, ਜਦਕਿ ਬਾਅਦ 'ਚ ਇਸ ਨਾਂਅ ਤਬਦੀਲ ਕਰ ਕੇ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਨੂੰ ਸਮਰਿਪਤ ਕਰਦਿਆਂ ਉਨ੍ਹਾਂ ਦੇ ਨਾਂਅ 'ਤੇ ਰੱਖਿਆ ਗਿਆ | ਸ਼ੁਰੂ 'ਚ ਪਿ੍ੰਸੀਪਲ ਨੀਲਮ ਸੇਠੀ, ਡਾ. ਦੇਵੀਦਾਸ ਸ਼ਰਮਾ ਵਲੋਂ ਸੇਵਾਵਾਂ ਨਿਭਾਈਆਂ ਜਦਕਿ ਇਸ ਸਮੇਂ ਇਥੇ ਓ.ਐਸ.ਡੀ. ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਵਲੋਂ ਯੋਗ ਅਗਵਾਈ ਕੀਤੀ ਜਾ ਰਹੀ ਹੈ | ਡਾ. ਅੱਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਸਾਂਝੇ ਤੌਰ 'ਤੇ ਚੱਲ ਰਿਹਾ ਇਹ ਕੰਸਟੀਚੂਐਂਟ ਕਾਲਜ ਪੇਂਡੂ ਤੇ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਦੀਆਂ ਸਿੱਖਿਆ ਸੰਬੰਧੀ ਜ਼ਰੂਰਤਾਂ ਦੀ ਪੂਰਤੀ ਕਰ ਰਿਹਾ ਹੈ | ਇਸ ਸਮੇਂ ਕਾਲਜ 'ਚ ਲਗਪਗ 500 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਤੇ ਬੀ.ਕਾਮ., ਬੀ.ਐੱਸ.ਸੀ. (ਫੈਸ਼ਨ ਡਿਜ਼ਾਇਨਿੰਗ), ਬੀ.ਐਸ.ਸੀ. (ਇਕਨਾਮਿਕਸ) ਤੇ ਬੀ.ਏ. ਕੋਰਸਾਂ ਤੋਂ ਇਲਾਵਾ ਡੀ.ਸੀ.ਏ. ਡਿਪਲੋਮਾ ਸਫ਼ਲਤਾ ਪੂਰਵਕ ਚੱਲ ਰਹੇ ਹਨ | ਉੱਚ ਯੋਗਤਾ ਪ੍ਰਾਪਤ, ਮਿਹਨਤੀ, ਸਮਰਪਿਤ ਤੇ ਤਜ਼ਰਬੇਕਾਰ ਅਧਿਆਪਕ ਕਾਲਜ ਦੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰ ਰਹੇ ਹਨ | ਕਾਲਜ ਦੇ ਕਈ ਵਿਦਿਆਰਥੀਆਂ ਵਲੋਂ ਯੂਨੀਵਰਸਿਟੀ ਦੀਆਂ ਮੈਰਿਟ ਸੂਚੀਆਂ 'ਚ ਆਪਣੇ ਨਾਂਅ ਦਰਜ ਕਰਵਾਏ ਹਨ | ਡਾ. ਅੱਤਰੀ ਨੇ ਦੱਸਿਆ ਕਿ ਸੈਸ਼ਨ 2023-24 ਦੌਰਾਨ ਕਾਲਜ 'ਚ ਬੀ.ਕਾਮ. ਦਾ ਨਵਾਂ ਕੋਰਸ ਸ਼ੁਰੂ ਕੀਤਾ ਗਿਆ ਤੇ 2024-25 'ਚ ਕਾਲਜ ਵਿਚ ਬੀ.ਸੀ.ਏ. ਤੇ ਪੀ.ਜੀ.ਡੀ.ਸੀ.ਸੀ. ਦੇ ਦੋ ਨਵੇਂ ਕੋਰਸ ਸ਼ੁਰੂ ਕੀਤੇ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਭਵਿੱਖ 'ਚ ਐਮ.ਏ. ਪੰਜਾਬੀ, ਅੰਗਰੇਜ਼ੀ ਕੋਰਸਾਂ ਤੋਂ ਇਲਾਵਾ ਐਨ.ਸੀ.ਸੀ. ਤੇ ਐਨ.ਐਸ.ਐਸ. ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣਗੇ | ਡਾ. ਅੱਤਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਮਾਹਿਰਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦੇ ਲੈਕਚਰ ਵੀ ਕਰਵਾਏ ਜਾ ਰਹੇ ਹਨ | ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਤਹਿਤ ਇਤਿਹਾਸਕ, ਸਮਾਜਿਕ, ਸੱਭਿਆਚਾਰਕ, ਧਾਰਮਿਕ ਸਥਾਨਾਂ 'ਤੇ ਲਿਜਾਇਆ ਜਾਂਦਾ ਹੈ | ਡਾ. ਅੱਤਰੀ ਨੇ ਦੱਸਿਆ ਕਿ ਖੇਡਾਂ ਦੇ ਖੇਤਰ 'ਚ ਵੀ ਕਾਲਜ ਦੇ ਵਿਦਿਆਰਥੀ ਲਗਾਤਾਰ ਮੱਲ੍ਹਾਂ ਮਾਰ ਰਹੇ ਹਨ | ਇਸੇ ਕਰ ਕੇ ਇਲਾਕੇ ਦੇ ਨੌਜਵਾਨ ਵਰਗ ਵਿਚ ਕਾਲਜ 'ਚ ਦਾਖ਼ਲਾ ਲੈਣ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ |