ਮਾਧੋਪੁਰ/ਪਠਾਨਕੋਟ, 8 ਅਪ੍ਰੈਲ (ਵਿਨੋਦ/ਮਹਿਰਾ)- ਮਾਧੋਪੁਰ ਤੋਂ ਨਿਕਲਦੀ ਯੂ.ਬੀ.ਡੀ.ਸੀ. ਨਹਿਰ ਜਿਸ ਨੇ ਹੜ੍ਹਾਂ ਦੇ ਦੌਰਾਨ ਜ਼ਿਲ੍ਹਾ ਪਠਾਨਕੋਟ ਵਿਚ ਕਹਿਰ ਮਚਾਇਆ ਸੀ, ਇਸ ਨਹਿਰ ਵਿਚ ਪਾਣੀ ਓਵਰਫ਼ਲੋ ਹੋਣ ਦੇ ਚੱਲਦੇ ਕਈ ਪਿੰਡਾਂ ਤੇ ਸ਼ਹਿਰਾਂ ਵਿਚ ਪਾਣੀ ਜਾ ਵੜਿਆ, ਜਿਸ ਕਾਰਨ ਲੋਕਾਂ ਨੂੰ ਜਾਨ ਮਾਲ ਦਾ ਨੁਕਸਾਨ ਵੀ ਹੋਇਆ ਸੀ ਤੇ ਮਾਧੋਪੁਰ ਵਿਚ ਇਸ ਪੁਲ 'ਤੇ ਨਹਿਰ ਤੇ ਪਾਰਕ ਨੂੰ ਵੀ ਕਾਫ਼ੀ ਵੱਡਾ ਨੁਕਸਾਨ ਹੋਇਆ ਸੀ ਜਿਸ ਦੇ ਚੱਲਦੇ ਇਸ ਦੀ ਰਿਪੇਅਰ ਕਰਵਾਈ ਗਈ ਸੀ ਅਤੇ ਪੁਲ ਦੇ ਨਜ਼ਦੀਕ ਨਹਿਰ ਵਿਚ ਬੈੱਡ ਤਿਆਰ ਕੀਤਾ ਗਿਆ ਸੀ, ਜੋ ਪਾਣੀ ਚੱਲਣ ਦੇ ਮਾਤਰ ਛੇ ਮਹੀਨੇ 'ਚ ਹੀ ਬੈਠ ਗਿਆ ਹੈ ਜਿਸ ਕਾਰਨ ਸਬੰਧਿਤ ਵਿਭਾਗ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਖੜੇ ਹੋ ਰਹੇ ਹਨ ਕਿ ਆਿਖ਼ਰ ਇਹ ਨਹਿਰ ਵਿਚ ਬਣਾਇਆ ਗਿਆ ਬੈਡ ਛੇ ਮਹੀਨੇ ਵਿਚ ਹੀ ਕਿਉਂ ਬੈਠ ਗਿਆ? ਨਹਿਰ ਦੇ ਕਿਨਾਰੇ ਕਈ ਜਗ੍ਹਾ ਵਿਭਾਗਾਂ ਵਲੋਂ ਲਗਾਈ ਗਈ ਰਿਪੇਅਰਾਂ ਵਿਚ ਵੀ ਦਰਾੜਾਂ ਆ ਗਈਆਂ ਹਨ ਜਿਸ ਕਾਰਨ ਵਿਭਾਗ ਦੀ ਕਾਰਜ ਪ੍ਰਣਾਲੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ ਕਿਉਂਕਿ ਉਕਤ ਨਹਿਰ ਨੇ ਹੀ ਜ਼ਿਲ੍ਹਾ ਪਠਾਨਕੋਟ ਵਿਚ ਹੜ੍ਹਾਂ ਦੇ ਦੌਰਾਨ ਕਈ ਲੋਕਾਂ ਦੀ ਜਾਨ ਲੈ ਲਈ ਸੀ ਤੇ ਕਰੋੜਾਂ ਰੁਪਇਆਂ ਦਾ ਲੋਕਾਂ ਦਾ ਨੁਕਸਾਨ ਹੋਇਆ ਸੀ, ਉਸ ਦੇ ਬਾਅਦ ਵੀ ਵਿਭਾਗ ਵਲੋਂ ਅਣਗਹਿਲੀ ਕਿਉਂ ਵਰਤੀ ਜਾ ਰਹੀ ਹੈ? ਇਹ ਇਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਜਦ ਇਸ ਸੰਬੰਧ ਵਿਚ ਯੂ.ਬੀ.ਡੀ.ਸੀ. ਹੈੱਡਵਰਕਸ ਦੇ ਐਸ.ਡੀ.ਓ. ਰਾਜੀਵ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬੈੱਡ ਨੂੰ ਪਾਵਰ ਹਾਊਸ ਵਲੋਂ ਬਣਾਇਆ ਗਿਆ ਸੀ ਤੇ ਇਸ ਬੈੱਡ ਦੇ ਬੈਠਣ ਸੰਬੰਧੀ ਪਾਵਰ ਹਾਊਸ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ, ਜੋ ਇਸ ਨੂੰ ਫਿਰ ਤੋਂ ਬਣਾਉਣਗੇ | ਲੋਕਾਂ ਵਿਚ ਚਰਚਾ ਚੱਲ ਰਹੀ ਹੈ ਕਿ ਲੋਕਾਂ ਦੇ ਟੈਕਸ ਦਾ ਪੈਸਾ ਬਰਬਾਦ ਕਿਉਂ ਕੀਤਾ ਜਾ ਰਿਹਾ ਹੈ, ਸੰਬੰਧਿਤ ਵਿਭਾਗ ਵਲੋਂ ਕੰਮ ਤਸੱਲੀਬਖਸ਼ ਕਿਉਂ ਨਹੀਂ ਕਰਵਾਇਆ ਗਿਆ, ਹੁਣ ਪ੍ਰਸ਼ਾਸਨ ਜਾਂ ਸਰਕਾਰ ਇਸ ਸਬੰਧੀ ਕੀ ਐਕਸ਼ਨ ਲੈਂਦੇ ਹਨ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ |