ਨੌਸ਼ਹਿਰਾ ਮੱਝਾ ਸਿੰਘ, 10 ਅਪ੍ਰੈਲ (ਰਵੀ ਭਗਤ)-ਪਿੰਡ ਬਿਧੀਪੁਰ ਵਿਖੇ ਦੀ ਪੰਤੇਕੁਸਤ ਮਿਸ਼ਨ ਚਰਚ ਵਲੋਂ ਸਾਲਾਨਾ 4 ਰੋਜ਼ਾ ਕਰਵਾਈ ਜਾ ਰਹੀ ਮਸੀਹ ਕਨਵੈਨਸ਼ਨ ਦੇ ਮੱਦੇਨਜ਼ਰ ਇਸ ਧਾਰਮਿਕ ਸਮਾਗਮ ਨੂੰ ਸ਼ਾਂਤੀਪੂਰਵਕ ਤੇ ਸੁੱਚਜੇ ਢੰਗ ਨਾਲ ਨਿਭਾਉਣ ਲਈ ਥਾਣਾ ਮੁਖੀ ਸੇਖਵਾਂ ਰਜਵੰਤ ਕੌਰ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਥਾਣਾ ਮੁਖੀ ਨੇ ਹੁੱਲੜਬਾਜਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਸ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਤੇ ਵਿਘਨ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਧਾਰਮਿਕ ਸਮਾਗਮ ਵਿਚ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਸ਼ਿਰਕਤ ਕਰਦੀਆਂ ਹਨ, ਇਸ ਲਈ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਭ ਦੀ ਜ਼ਿੰਮੇਵਾਰੀ ਬਣਦੀ ਹੈ | ਥਾਣਾ ਮੁਖੀ ਸੇਖਵਾਂ ਨੇ ਕਿਹਾ ਕਿ ਸੰਗਤਾਂ ਦੀ ਸਹੂਲਤ ਵਾਸਤੇ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਵਚਨਬੱਧ ਹੈ | ਇਸ ਮੌਕੇ ਚੌਕੀ ਇੰਚਾਰਜ ਨੌਸ਼ਹਿਰਾ ਮੱਝਾ ਸਿੰਘ ਬਲਜੀਤ ਸਿੰਘ, ਏ.ਐੱਸ.ਆਈ. ਨਿਰਮਲ ਸਿੰਘ, ਘਨਸ਼ਾਮ ਸਿੰਘ, ਕੁਲਦੀਪ ਸਿੰਘ, ਸੁਖਪਾਲ ਸਿੰਘ ਸਮੇਤ ਹੋਰ ਪੁਲਿਸ ਕਰਮਚਾਰੀ ਹਾਜ਼ਰ ਸਨ |