ਬਟਾਲਾ, 13 ਅਪ੍ਰੈਲ (ਸਤਿੰਦਰ ਸਿੰਘ)- ਵਿਧਾਨ ਸਭਾ ਹਲਕਾ ਬਟਾਲਾ ਤੋਂ ਸੀਨੀਅਰ ਕਾਂਗਰਸੀ ਆਗੂ ਸ: ਜਸਕਰਨ ਸਿੰਘ ਕਾਹਲੋਂ ਬੁਲਾਰਾ ਪੰਜਾਬ ਕਾਂਗਰਸ ਨੇ ਸ਼ਹੀਦ ਸੁੱਖਾ ਸਿੰਘ-ਮਹਿਤਾਬ ਸਿੰਘ ਪਾਰਕ ਵਿਚ 'ਮੁਹੱਲਾ ਕਲੀਨਿਕ' ਖੋਲ੍ਹਣਾ ਗਲਤ ਕਦਮ ਕਰਾਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਇਕ ਤਾਂ ਇਹ ਪਾਰਕ ਸ਼ਹੀਦੀ ਸਮਾਰਕ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਦੂਜਾ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮਾਮਲਾ ਬਣਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪਾਰਕ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ | ਸਾਰਿਆਂ ਦੀ ਮੰਗ ਹੈ ਕਿ ਬਟਾਲਾ ਦੇ ਵਿਧਾਇਕ ਵਲੋਂ ਜੋ ਇਹ ਮੁਹੱਲਾ ਕਲੀਨਿਕ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਹੈ, ਉਸ ਲਈ ਜਗ੍ਹਾ ਦੀ ਚੋਣ ਗਲਤ ਕੀਤੀ ਹੈ | ਬਟਾਲਾ ਸ਼ਹਿਰ ਅੰਦਰ ਨਗਰ ਸੁਧਾਰ ਟਰੱਸਟ ਤੇ ਨਗਰ ਨਿਗਮ ਦੀਆਂ ਬਹੁਤ ਸਾਰੀਆਂ ਥਾਂਵਾਂ ਉਪਲੱਬਧ ਹਨ ਜਿਨ੍ਹਾਂ ਵਿਚ ਕਲੀਨਿਕ ਖੋਲ੍ਹੇ ਜਾ ਸਕਦੇ ਹਨ | ਸ: ਕਾਹਲੋਂ ਨੇ ਕਿਹਾ ਕਿ ਇਸ ਜਗ੍ਹਾ ਨੂੰ ਚੁਣਿਆ ਜਾਣਾ ਕਿਤੇ ਨਾ ਕਿਤੇ ਸ਼ਹਿਰ ਦੀ ਪ੍ਰਮੁੱਖ ਜਾਇਦਾਦ 'ਤੇ ਨਜ਼ਰ ਰੱਖਣ ਦੀ ਨਿਯਤ ਤਾਂ ਨਹੀਂ | ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਦਾ ਸਿਹਤ ਮਾਡਲ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ | ਬਜਾਏ ਇਨ੍ਹਾਂ ਕਲੀਨਿਕਾਂ ਉੱਤੇ ਲੱਖਾਂ ਰੁਪਏ ਖਰਚ ਕਰਨ ਦੇ ਜਿਹੜੇ ਮੌਜੂਦਾ ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਹਨ, ਉਨ੍ਹਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ |