ਦੀਨਾਨਗਰ, 16 ਅਪ੍ਰੈਲ (ਸ਼ਾਮ ਸਿੰਘ ਘੁੰਮਣ)- ਪਾਵਰਕਾਮ ਸਬ ਡਵੀਜ਼ਨ ਦੀਨਾਨਗਰ ਨੇ ਆਪਣੇ ਡਿਫਾਲਟਰ ਖਪਤਕਾਰਾਂ ਦੇ ਖ਼ਿਲਾਫ਼ ਅੱਜ ਸਖਤ ਕਦਮ ਚੁੱਕਦਿਆਂ ਬਿਜਲੀ ਬਿੱਲ ਜਮਾ ਨਾ ਕਰਵਾਉਣ ਵਾਲੇ 30 ਹਜ਼ਾਰ ਰੁਪਏ ਤੋਂ ਉੱਪਰ ਦੀ ਬਕਾਇਆ ਰਾਸ਼ੀ ਵਾਲੇ ਖਪਤਕਾਰਾਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਜਾਣਕਾਰੀ ਅਨੁਸਾਰ ਪਾਵਰਕਾਮ ਨੇ ਅੱਜ ਆਪਣੇ ਖਪਤਕਾਰਾਂ ਵੱਲ ਕਰੋੜਾਂ ਰੁਪਏ ਖੜੀ ਬਕਾਇਆ ਰਾਸ਼ੀ ਵਸੂਲਣ ਲਈ ਸਖਤ ਕਦਮ ਚੁੱਕਦਿਆਂ ਵੱਡੇ ਪੱਧਰ 'ਤੇ ਟੀਮਾਂ ਬਣਾ ਕੇ ਸਬ ਡਵੀਜ਼ਨ ਦੇ ਵੱਖ-ਵੱਖ ਖੇਤਰਾਂ ਅੰਦਰ ਕਾਰਵਾਈ ਨੂੰ ਅੰਜਾਮ ਦਿੱਤਾ ਹੈ | ਹਾਲਾਂਕਿ ਪਾਵਰਕਾਮ ਨੇ ਇਸ ਕਾਰਵਾਈ ਨੂੰ ਸੰਕੇਤਕ ਕਾਰਵਾਈ ਦੱਸਿਆ ਹੈ ਤੇ ਕਿਹਾ ਹੈ ਕਿ ਹੁਣ ਪਾਵਰਕਾਮ ਦੇ ਡਿਫਾਲਟਰ ਖਪਤਕਾਰਾਂ ਨੂੰ ਹਰ ਹਾਲ ਵਿਚ ਬਕਾਇਆ ਰਾਸ਼ੀ ਜਮ੍ਹਾ ਕਰਵਾਉਣੀ ਪਵੇਗੀ ਨਹੀਂ ਤਾਂ ਪਾਵਰਕਾਮ ਨੂੰ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਲਈ ਮਜਬੂਰ ਹੋਣਾ ਪਵੇਗਾ | ਪਾਵਰਕਾਮ ਸਬ ਡਵੀਜ਼ਨ ਦੀਨਾਨਗਰ ਦੇ ਐਸ.ਡੀ.ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ ਬਕਾਇਆ ਬਿਜਲੀ ਬਿੱਲ ਜਮ੍ਹਾ ਨਾ ਕਰਵਾਉਣ ਵਾਲੇ 10 ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ | ਜਦੋਂ ਕਿ ਕਈ ਖਪਤਕਾਰਾਂ ਨੇ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ ਨੂੰ ਤਰਜੀਹ ਦਿੱਤੀ ਹੈ ਜਿਸ ਕਾਰਨ ਅੱਜ ਦੀਨਾਨਗਰ ਸਬ ਡਵੀਜ਼ਨ ਕੋਲ ਸਾਢੇ ਚਾਰ ਲੱਖ ਰੁਪਏ ਦੇ ਕਰੀਬ ਬਕਾਇਆ ਰਾਸ਼ੀ ਜਮ੍ਹਾ ਹੋਈ ਹੈ | ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਕਈ ਖਪਤਕਾਰਾਂ ਨੇ ਇਕ ਦੋ ਦਿਨ ਦਾ ਸਮਾਂ ਲੈ ਕੇ ਵੀ ਕਾਰਵਾਈ ਨੂੰ ਟਾਲਿਆ ਹੈ ਅਤੇ ਉਨ੍ਹਾਂ ਵਲੋਂ ਇਕ ਦੋ ਦਿਨਾਂ ਦੌਰਾਨ ਬਕਾਇਆ ਰਾਸ਼ੀ ਪਾਵਰਕਾਮ ਕੋਲ ਜਮ੍ਹਾ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ |