ਪਠਾਨਕੋਟ, 16 ਅਪ੍ਰੈਲ (ਸੁਮਿਤ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਯੋਗੇਸ਼ ਠਾਕੁਰ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਧਰਮ ਦੇ ਨਾਮ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਧਰਮ ਤੇ ਆਸਥਾ ਦਾ ਸਹਾਰਾ ਲੈ ਕੇ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ | ਯੋਗੇਸ਼ ਠਾਕੁਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਕਿਸੇ ਵੀ ਸਰਕਾਰ ਦਾ ਫ਼ਰਜ਼ ਹੁੰਦਾ ਹੈ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰੇ ਤੇ ਨਿਰਪੱਖ ਤਰੀਕੇ ਨਾਲ ਕੰਮ ਕਰੇ ਪਰ ਮੌਜੂਦਾ ਸਰਕਾਰ ਰਾਜਨੀਤਕ ਲਾਭ ਲਈ ਧਾਰਮਿਕ ਮਸਲਿਆਂ ਦਾ ਇਸਤੇਮਾਲ ਕਰ ਰਹੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਰਾਜਨੀਤੀ ਨਾਲ ਸਮਾਜ ਵਿਚ ਵੰਡ ਤੇ ਅਸੰਤੋਸ਼ ਵੱਧ ਸਕਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਜਨਤਾ ਹੁਣ ਜਾਗਰੂਕ ਹੋ ਚੁੱਕੀ ਹੈ ਤੇ ਐਸੇ ਯਤਨਾਂ ਨੂੰ ਸਮਝਦੀ ਹੈ | ਭਾਜਪਾ ਬੁਲਾਰੇ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਿਕਾਸ, ਰੁਜ਼ਗਾਰ ਤੇ ਕਾਨੂੰਨ-ਵਿਵਸਥਾ ਵਰਗੇ ਮਸਲਿਆਂ 'ਤੇ ਧਿਆਨ ਕੇਂਦਰਿਤ ਕਰੇ, ਬਜਾਏ ਇਸ ਦੇ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਰਾਜਨੀਤੀ ਕੀਤੀ ਜਾਵੇ |