ਪਠਾਨਕੋਟ /ਨਰੋਟ ਮਹਿਰਾ, 16 ਅਪ੍ਰੈਲ (ਆਸ਼ੀਸ਼ ਸ਼ਰਮਾ/ਰਾਜ ਕੁਮਾਰੀ)- ਹਲਕਾ ਭੋਆ ਦੇ ਅਧੀਨ ਆਉਂਦੇ ਪਿੰਡ ਮਲਿਕਪੁਰ ਵਿਚ ਬੀਤੀ 26 ਤਰੀਕ ਨੂੰ ਹੋਈ ਦਰਦਨਾਕ ਵਾਰਦਾਤ ਦੇ ਸਬੰਧ ਵਿਚ ਪੰਜਾਬ ਕਾਂਗਰਸ ਦੀ ਬੁਲਾਰਾ ਟੀਨਾ ਚੌਧਰੀ ਨੇ ਪੀੜਤ ਬੰਟੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਤੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ 'ਤੇ ਸਵਾਲ ਚੁੱਕੇ | ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਟੀਨਾ ਚੌਧਰੀ ਨੇ ਦੱਸਿਆ ਕਿ ਬੰਟੀ ਦੀ ਹਾਲਤ ਬੇਹੱਦ ਨਾਜ਼ੁਕ ਹੈ ਤੇ ਉਸ ਦਾ ਸਰੀਰ ਅਧਮਰਾ ਹੋ ਚੁੱਕਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜੰਮੂ ਤੋਂ ਆਏ ਕੁਝ ਸੋਸ਼ਲ ਮੀਡੀਆ ਇਨਫਲੂਐਂਸਰਾਂ ਨੇ ਬੰਟੀ ਉੱਪਰ ਥਾਰ ਗੱਡੀ ਚੜ੍ਹਾ ਕੇ ਉਸ ਨੂੰ ਕੁਚਲਨ ਦੀ ਕੋਸ਼ਿਸ਼ ਕੀਤੀ ਸੀ | ਘਟਨਾ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਨੇ ਅਜੇ ਤੱਕ ਕਿਸੇ ਵੀ ਮੁਲਜ਼ਮ ਨੂੰ ਹਿਰਾਸਤ ਵਿਚ ਨਹੀਂ ਲਿਆ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਾਰਨ ਪੀੜਤ ਪਰਿਵਾਰ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ | ਜੇਕਰ ਜਲਦੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਅਸੀਂ ਤਿੱਖਾ ਸੰਘਰਸ਼ ਵਿੱਢਣ ਤੇ ਧਰਨਾ ਲਗਾਉਣ ਲਈ ਮਜਬੂਰ ਹੋਵਾਂਗੇ | ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨਾਲ ਬੇਇਨਸਾਫ਼ੀ ਹੋਈ ਹੈ ਤੇ ਉਹ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਉਹ ਸੜਕਾਂ 'ਤੇ ਉੱਤਰਨਗੇ | ਇਸ ਮੌਕੇ ਟੀਨਾ ਚੌਧਰੀ ਦੇ ਨਾਲ ਜ਼ਿਲ੍ਹਾ ਕਾਂਗਰਸ ਸੈਕਟਰੀ ਪਿੰਟੂ, ਹਲਕਾ ਭੋਆ ਵਰਕਿੰਗ ਯੂਥ ਕਾਂਗਰਸ ਪ੍ਰਧਾਨ ਪਿ੍ੰਸ ਸਲਾਰੀਆ, ਕੁਲਬੀਰ ਜੱਗੀ, ਤਾਰਾਗੜ੍ਹ ਤੋਂ ਐਮ.ਸੀ. ਕਾਕਾ, ਕਾਂਗਰਸੀ ਆਗੂ ਨਿਤੇਸ਼ ਭੱਟੀ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ |