ਬਟਾਲਾ, 18 ਅਪ੍ਰੈਲ (ਸਤਿੰਦਰ ਸਿੰਘ)- ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ ਤੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਹਰਵਿੰਦਰਪਾਲ ਸਿੰਘ ਸ਼ਾਹਬਾਦ, ਭੀਮ ਯੁਵਾ ਵਪਾਰ ਮੰਡਲ ਸਦਰ ਬਟੂਟੀ ਆਗਰਾ ਦੇ ਵਿਸ਼ੇਸ਼ ਸੱਦੇ 'ਤੇ ਆਗਰਾ ਪੁੱਜੇ ਜਿੱਥੇ ਡਾਕਟਰ ਭੀਮ ਰਾਓ ਅੰਬੇਡਕਰ ਦੀ 135ਵੀਂ ਜੈਅੰਤੀ ਮਨਾਉਣ ਲਈ ਕਰਵਾਏ ਗਏ 31ਵੇਂ ਸਮਾਗਮ ਵਿਚ ਸ਼ਮੂਲੀਅਤ ਕੀਤੀ | ਸਮਾਗਮ 'ਚ ਮੁੱਖ ਮਹਿਮਾਨ ਆਲ ਇੰਡੀਆ ਐੱਸ.ਸੀ./ਐਸ.ਟੀ. ਕਾਂਗਰਸ ਦੇ ਚੇਅਰਮੈਨ ਰਜਿੰਦਰ ਗੌਤਮ ਨੇ ਵੀ ਸ਼ਮੂਲੀਅਤ ਕੀਤੀ | ਆਗਰਾ 'ਚ ਕਰਵਾਏ ਗਏ 3 ਰੋਜ਼ਾ ਇਸ ਸਮਾਗਮ 'ਚ ਪ੍ਰਬੰਧਕ ਕਮੇਟੀ ਵਲੋਂ ਆਲ ਇੰਡੀਆ ਚੇਅਰਮੈਨ ਰਜਿੰਦਰ ਗੌਤਮ ਤੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਦਾ ਨਿੱਘਾ ਸਵਾਗਤ ਕੀਤਾ ਤੇ ਫੁੱਲਾਂ ਦੀ ਵਰਖਾ ਕੀਤੀ | ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਕਿਹਾ ਕਿ ਬਾਬਾ ਸਾਹਿਬ ਨੇ ਜਿੱਥੇ ਸੰਵਿਧਾਨ ਵਿਚ ਐੱਸ.ਸੀ./ਐੱਸ.ਟੀ. ਭਾਈਚਾਰੇ ਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ ਉੱਥੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਮੈਂ ਪੜ੍ਹ-ਲਿਖ ਕੇ ਇਹ ਸਭ ਕੁਝ ਕਰ ਸਕਦਾ ਹਾਂ ਤਾਂ ਆਉਣ ਵਾਲੀ ਪੀੜੀ ਪੜ੍ਹ-ਲਿਖ ਕੇ ਦੇਸ਼ ਨੂੰ ਹੋਰ ਵੀ ਅੱਗੇ ਲਿਜਾ ਸਕਦੀ ਹੈ | ਸ਼ਾਹਬਾਦ ਨੇ ਕਿਹਾ ਕਿ ਆਗਰਾ ਦੀ ਇਸ ਕਮੇਟੀ ਦੇ ਸੱਦੇ 'ਤੇ ਭਾਰਤ ਦੇ ਸਭ ਤੋਂ ਵੱਡੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਹੈ ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ 23 ਲੱਖ ਦੀ ਆਬਾਦੀ ਵਾਲਾ ਆਗਰਾ ਜਿੱਥੇ ਕਿ 12 ਲੱਖ ਐੱਸ.ਸੀ./ਐੱਸ.ਟੀ. ਪਰਿਵਾਰ ਹਨ ਤੇ ਇਨ੍ਹਾਂ ਪਰਿਵਾਰਾਂ ਵਲੋਂ ਮਿਹਨਤ-ਮੁਸ਼ੱਕਤ ਕਰ ਕੇ ਏਨੀ ਤਰੱਕੀ ਕੀਤੀ ਹੈ ਕਿ ਦੁਨੀਆਂ ਭਰ ਵਿਚ ਆਪਣੀ ਨਵੇਕਲੀ ਪਹਿਚਾਣ ਬਣਾਈ ਹੈ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਪੜ੍ਹ-ਲਿਖ ਕੇ ਅੱਗੇ ਵਧਣਾ ਚਾਹੀਦਾ ਹੈ | ਪ੍ਰਬੰਧਕ ਕਮੇਟੀ ਨੇ ਹਰਵਿੰਦਰਪਾਲ ਸਿੰਘ ਸ਼ਾਹਬਾਦ ਦਾ ਸੁੱਚੇ ਮੋਤੀਆਂ ਦੀ ਮਾਲਾ ਨਾਲ ਵਿਸ਼ੇਸ਼ ਸਨਮਾਨ ਕੀਤਾ |