ਦੀਨਾਨਗਰ, 18 ਅਪ੍ਰੈਲ (ਸ਼ਾਮ ਸਿੰਘ ਘੁੰਮਣ)- ਯੂ.ਬੀ.ਡੀ.ਸੀ. ਨਹਿਰ ਉੱਪਰ ਪਿੰਡ ਧਮਰਾਈ ਵਿਖੇ ਕਰੀਬ ਅੱਠ ਦਹਾਕੇ ਬਣੇ ਪੁਰਾਣੇ ਪੁਲ ਨੂੰ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਮੰਡਲ ਇੰਜੀਨੀਅਰ ਦਫ਼ਤਰ ਪਠਾਨਕੋਟ ਵਲੋਂ ਭਾਰੀ ਆਵਾਜਾਈ ਲਈ ਅਣਸੁਰੱਖਿਅਤ ਐਲਾਨੇ ਜਾਣ ਅਤੇ ਭਾਰੀ ਆਵਾਜਾਈ ਨੂੰ ਰੋਕਣ ਲਈ ਰੋਕਾਂ ਲਗਾਉਣ ਦੇ ਬਾਵਜੂਦ ਮਾਈਨਿੰਗ ਮਟੀਰੀਅਲ ਨਾਲ ਭਰੀਆਂ ਓਵਰਲੋਡ ਭਾਰੀ ਗੱਡੀਆਂ ਦੇ ਇਸ ਪੁਲ ਤੋਂ ਲੰਘਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਯੂ.ਬੀ.ਡੀ.ਸੀ. ਨਹਿਰ ਦੇ ਦੋਵੇਂ ਪਾਸੇ ਦੇ ਲੋਕਾਂ ਦੇ ਸੜਕੀ ਸੰਪਰਕ ਦਾ ਇੱਕੋ ਇਕ ਰਸਤਾ ਨਹਿਰ ਉੱਪਰ ਪਿੰਡ ਧਮਰਾਈ ਵਿਖੇ ਬਣੇ ਪੁਰਾਣੇ ਪੁਲ ਦੀ ਹਾਲਤ ਖਸਤਾ ਹੋਣ ਕਾਰਨ ਸਥਾਨਕ ਲੋਕ ਇਸ ਪੁਲ ਦੀ ਹਾਲਤ ਨੂੰ ਲੈ ਕੇ ਚਿੰਤਤ ਹਨ | ਸਥਾਨਕ ਲੋਕ ਅਨੇਕਾਂ ਵਾਰ ਇਸ ਪੁਲ ਤੋਂ ਭਾਰੀ ਆਵਾਜਾਈ ਦੇ ਲਾਂਘੇ ਨੂੰ ਬੰਦ ਕਰਨ ਲਈ ਰੋਸ ਮੁਜ਼ਾਹਰੇ ਵੀ ਕਰ ਚੁੱਕੇ ਹਨ ਪਰ ਲੋਕਾਂ ਦੇ ਵਿਰੋਧ ਦੇ ਬਾਵਜੂਦ ਇਸ ਪੁਲ ਉੱਪਰੋਂ ਭਾਰੀ ਗੱਡੀਆਂ ਦਾ ਬੇਰੋਕ ਟੋਕ ਲੰਘਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਜਿਵੇਂ ਮਾਈਨਿੰਗ ਮਾਫ਼ੀਆ ਅੱਗੇ ਪ੍ਰਸ਼ਾਸਨ ਦੀ ਕੋਈ ਪੇਸ਼ ਨਾ ਚੱਲਦੀ ਹੋਵੇ ਅਤੇ ਥੱਕਿਆ ਹਾਰਿਆ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੇ ਇੰਤਜ਼ਾਰ 'ਚ ਹੋਵੇ | ਪਿੰਡ ਧਮਰਾਈ ਵਾਸੀਆਂ ਗੁਰਨਾਮ ਸਿੰਘ ਕੰਗ, ਰਵੇਲ ਸਿੰਘ, ਰਣਧੀਰ ਸਿੰਘ, ਹਰਬੰਸ ਸਿੰਘ, ਹਰਦੀਪ ਸਿੰਘ, ਹਰੀਸ਼ ਕੁਮਾਰ ਤੇ ਅਮਿਤ ਕੁਮਾਰ ਨੇ ਦੱਸਿਆ ਕਿ ਧਮਰਾਈ ਵਿਖੇ ਯੂ.ਬੀ.ਡੀ.ਸੀ. ਨਹਿਰ ਉੱਪਰ ਬਣ ਰਹੇ ਨਵੇਂ ਪੁਲ ਦਾ ਕੰਮ ਪਿਛਲੇ ਕਰੀਬ ਪੰਜ ਸਾਲ ਤੋਂ ਲਟਕਿਆ ਹੋਣ ਕਾਰਨ ਲੋਕਾਂ ਦੀ ਆਵਾਜਾਈ ਦਾ ਇੱਕੋ ਇਕ ਸਾਧਨ ਇਹ ਪੁਰਾਣਾ ਪੁਲ ਹੀ ਹੈ, ਇਸ ਪੁਲ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ ਕਿ ਹਿਮਾਚਲ ਪ੍ਰਦੇਸ਼ ਅਤੇ ਚੱਕੀ ਦਰਿਆ ਦੇ ਆਲੇ ਦੁਆਲੇ ਲੱਗੇ ਕਰੈਸ਼ਰਾਂ ਤੋਂ ਆਉਂਦੀਆਂ ਮਾਈਨਿੰਗ ਮੈਟੀਰਿਅਲ ਨਾਲ ਭਰੀਆਂ ਭਾਰੀ ਗੱਡੀਆਂ ਲੰਘਣ ਕਾਰਨ ਇਹ ਪੁਲ ਕਿਸੇ ਵੇਲੇ ਵੀ ਜਵਾਬ ਦੇ ਸਕਦਾ ਹੈ | ਉਨ੍ਹਾਂ ਦਸਿਆ ਕਿ ਪੁਲ ਤੰਗ ਅਤੇ ਪੁਲ ਦੀ ਹਾਲਤ ਮਾੜੀ ਹੋਣ ਕਾਰਨ ਇਸ ਤੋਂ ਲੰਘਣ ਵੇਲੇ ਰਫ਼ਤਾਰ ਹੌਲੀ ਹੋਣ ਕਾਰਨ ਸਾਰਾ ਦਿਨ ਇਸ ਦੇ ਦੋਵੇਂ ਪਾਸੇ ਜਾਮ ਲੱਗੇ ਰਹਿੰਦੇ ਹਨ, ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਲੈ ਕੇ ਆਉਣ ਸਮੇਂ ਤੇ ਹੁਣ ਕਣਕ ਦੀ ਕਟਾਈ ਦਾ ਸਮਾਂ ਹੋਣ ਕਾਰਨ ਉਨ੍ਹਾਂ ਨੂੰ ਪੁਲ ਨੂੰ ਆਰ ਪਾਰ ਕਰਨ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਸ ਪੁਲ ਤੋਂ ਲੰਘਣ ਵਾਲੀ ਭਾਰੀ ਆਵਾਜਾਈ ਨੂੰ ਰੋਕਣ ਦੇ ਤੁਰੰਤ ਬੰਦੋਬਸਤ ਕੀਤੇ ਜਾਣ ਨਹੀਂ ਤਾਂ ਸਥਾਨਕ ਲੋਕਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ |