ਬਟਾਲਾ, 18 ਅਪ੍ਰੈਲ (ਸਤਿੰਦਰ ਸਿੰਘ)- ਸ਼੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਵਿਦਿਆਰਥੀਆਂ ਨੂੰ ਅਕੈਡਮਿਕ ਐਜੂਕੇਸ਼ਨ ਦੇ ਨਾਲ-ਨਾਲ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਸਮੇਂ-ਸਮੇਂ 'ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਸੇ ਲੜੀ ਤਹਿਤ ਸਕੂਲ ਵਿਖੇ ਵਿਦਿਆਰਥੀਆਂ ਨੂੰ 'ਵੇਸਟ ਮਟੀਰੀਅਲ ਰੀਸੈਕਲਿੰਗ' ਅਧੀਨ ਘਰ ਵਿਚ ਪਏ ਵਾਧੂ ਸਾਮਾਨ ਤੋਂ ਯੋਗ ਵਸਤੂਆਂ ਬਣਾਉਣ ਲਈ ਪ੍ਰੋਜੈਕਟ ਦਿੱਤੇ ਗਏ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਤੇ ਘਰਾਂ ਦੇ ਫਾਲਤੂ ਪਏ ਸਾਮਾਨ ਵਰਤੋਂ ਯੋਗ ਬਣਾ ਕੇ ਪ੍ਰੋਜੈਕਟ ਪੇਸ਼ ਕੀਤੇ ਗਏ | ਸਕੂਲ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਰੋਬਨਪ੍ਰੀਤ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਪਰਮਜੀਤ ਕੌਰ ਸੰਧੂ ਤੇ ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਨਿਰੀਖਣ ਕੀਤਾ ਤੇ ਵਿਦਿਆਰਥੀਆਂ ਵਲੋਂ ਬਣਾਏ ਗਏ ਵੱਖ-ਵੱਖ ਮਾਡਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਤੇ ਵਧੀਆ ਚੁਣੇ ਗਏ ਮਾਡਲ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਕੋਆਰਡੀਨੇਟਰ ਕੰਵਲਜੀਤ ਕੌਰ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ |