ਧਾਰੀਵਾਲ, 21 ਅਪ੍ਰੈਲ (ਸਵਰਨ ਸਿੰਘ)-ਥਾਣਾ ਧਾਰੀਵਾਲ ਦੇ ਏ.ਐੱਸ.ਆਈ. ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਦੌਰਾਨ ਤਰੀਜਾ ਨਗਰ ਬਾਈਪਾਸ ਪੁਲ ਦੇ ਨੇੜੇ ਝਾੜੀਆਂ ਵਿਚੋਂ ਸੰਨੀ ਮਸੀਹ ਨਾਂਅ ਦੇ ਵਿਅਕਤੀ ਨੂੰ ਕਾਬੂ ਕੀਤਾ | ਉਹ ਲੁਕ ਕੇ ਨਸ਼ੇ ਦਾ ਸੇਵਨ ਕਰ ਰਿਹਾ ਸੀ | ਤਲਾਸ਼ੀ ਦੌਰਾਨ ਉਸ ਦੇ ਪਾਸੋਂ ਇਕ ਸਿਲਵਰ ਪੰਨੀ, ਲਾਇਟਰ ਅਤੇ 20 ਰੁਪਏ ਦਾ ਨੋਟ ਬਰਾਮਦ ਹੋਇਆ | ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਇਹ ਹੈਰੋਇਨ ਉਸ ਦਾ ਭਰਾ ਹੀਰਾ ਗਾਂਧੀ ਕੈਂਪ ਬਟਾਲਾ ਤੋਂ ਖਰੀਦ ਕੇ ਲਿਆਉਂਦਾ ਹੈ | ਇਸ ਸਬੰਧ ਵਿਚ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ | ਇਸੇ ਤਰ੍ਹਾਂ ਏ.ਐੱਸ.ਆਈ. ਨਿਰਮਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਬਾਈਪਾਸ ਪੁਲ ਰਣੀਆਂ ਹੇਠਾਂ ਜ਼ੋਨ ਪੁੱਤਰ ਰਮੇਸ਼ ਵਾਸੀ ਤਰੀਜਾ ਨਗਰ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ | ਤਲਾਸ਼ੀ ਲੈਣ 'ਤੇ ਉਸ ਦੇ ਕੋਲੋਂ ਇਕ ਮੋਮੀ ਲਿਫ਼ਾਫ਼ਾ ਬਰਾਮਦ ਹੋਇਆ, ਜਿਸ ਵਿਚੋਂ 3 ਗ੍ਰਾਮ ਹੈਰੋਇਨ ਮਿਲੀ | ਦੋਸ਼ੀ ਨੂੰ ਤੁਰੰਤ ਕਾਬੂ ਕਰਕੇ ਉਸਦੇ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਮੁਕੱਦਮਾ ਦਰਜ ਕਰ ਲਿਆ ਗਿਆ | ਦੋਵੇਂ ਮਾਮਲਿਆਂ ਵਿਚ ਪੁਲਿਸ ਵਲੋਂ ਨਸ਼ੇ ਦੇ ਖ਼ਿਲਾਫ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਅਗਲੀ ਜਾਂਚ ਜਾਰੀ ਹੈ |