ਗੁਰਦਾਸਪੁਰ 23 ਅਪ੍ਰੈਲ (ਚੱਕਰਾਜਾ)- ਜਨਗਣਨਾ 2027 ਦੀਆਂ ਡਿਊਟੀਆਂ 'ਚ ਅਧਿਆਪਕਾਂ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਤੇ ਸਕੂਲਾਂ ਦੇ ਪ੍ਰਬੰਧਾਂ 'ਚ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਆ | ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਪੁਰੋਵਾਲ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਅਨਿਲ ਕੁਮਾਰ ਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਕੋਆਰਡੀਨੇਟਰ ਲਵਪ੍ਰੀਤ ਰੋੜਾਂਵਾਲੀ ਦੀ ਸਾਂਝੀ ਅਗਵਾਈ ਹੇਠ ਵਫ਼ਦ ਨੇ ਏ.ਡੀ.ਸੀ. (ਜ) ਕੁਲਦੀਪ ਚੰਦ ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰ/ਐਲ.) ਪਰਮਜੀਤ ਕੌਰ ਨਾਲ ਮੁਲਾਕਾਤ ਕਰਕੇ ਪੱਖ ਰੱਖਿਆ | ਏ.ਡੀ.ਸੀ. ਕੁਲਦੀਪ ਚੰਦ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ | ਉਨ੍ਹਾਂ ਭਰੋਸਾ ਦਿੱਤਾ ਕਿ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਕਰਕੇ ਅਧਿਆਪਕਾਂ ਦੀਆਂ ਡਿਊਟੀਆਂ ਉਨ੍ਹਾਂ ਦੇ ਮੌਜੂਦਾ ਸਟੇਸ਼ਨ ਜਾਂ ਰਿਹਾਇਸ਼ੀ ਸਥਾਨਾਂ ਨੇੜੇ ਲਗਵਾਈਆਂ ਜਾਣਗੀਆਂ, ਅੰਗਹੀਣ, ਵਿਧਵਾ ਤੇ ਬਿਮਾਰ ਅਧਿਆਪਕਾਂ ਨੂੰ ਮਾਨਵੀ ਆਧਾਰ 'ਤੇ ਡਿਊਟੀ ਤੋਂ ਮੁਕਤ ਰੱਖਿਆ ਜਾਵੇਗਾ, ਡਿਊਟੀ ਨਿਭਾਅ ਰਹੇ ਬੀ.ਐਲ.ਓਜ਼ ਤੇ ਸੁਪਰਵਾਈਜ਼ਰਾਂ ਦੀ ਡਿਊਟੀ ਜਨਗਣਨਾ 'ਚ ਨਹੀਂ ਲਗਾਈ ਜਾਵੇਗੀ, ਅਧਿਆਪਕਾਂ ਦਾ ਡਾਟਾ ਲੀਕ ਹੋਣ ਤੇ ਫਰਾਡ ਕਾਲਾਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ | ਵਫ਼ਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੁਲਾਕਾਤ ਦੌਰਾਨ ਤਿੱਖਾ ਰੋਸ ਪ੍ਰਗਟਾਇਆ ਕਿ ਸਿੱਖਿਆ ਵਿਭਾਗ ਨੂੰ ਭਰੋਸੇ 'ਚ ਲਏ ਬਿਨਾਂ ਈ.ਓ. ਦਫ਼ਤਰ ਵਲੋਂ ਸਿੱਧੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਕਾਰਨ ਕਈ ਸਕੂਲ ਬੰਦ ਹੋਣ ਕੰਢੇ ਪਹੁੰਚ ਗਏ ਹਨ | ਜਥੇਬੰਦੀ ਨੇ ਸਵਾਲ ਚੁੱਕਿਆ ਕਿ ਇਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਅਧਿਆਪਕਾਂ ਨੂੰ ਗੈਰ ਵਿਦਿਅਕ ਕੰਮਾਂ 'ਚ ਉਲਝਾ ਕੇ ਸਕੂਲਾਂ ਨੂੰ ਤਾਲੇ ਲਗਾਉਣ ਦੀ ਨੌਬਤ ਲਿਆਂਦੀ ਜਾ ਰਹੀ ਹੈ | ਡੀ.ਈ.ਓ. ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਖ਼ੁਦ ਏ.ਡੀ.ਸੀ. ਨਾਲ ਗੱਲ ਕਰਕੇ ਵਿਭਾਗ ਦਾ ਪੱਖ ਮਜ਼ਬੂਤੀ ਨਾਲ ਰੱਖਣਗੇ | ਇਸ ਮੌਕੇ ਕਪਿਲ ਸ਼ਰਮਾ, ਅਜੀਤ ਸਿੰਘ, ਅਮਨਦੀਪ, ਪਵਨ ਕੁਮਾਰ, ਪਲਵਿੰਦਰ ਸਿੰਘ, ਕੁਲਵੰਤ ਸਿੰਘ, ਸਤਿੰਦਰਜੀਤ, ਸਲਵਿੰਦਰ ਕੁਮਾਰ, ਹਰਜੀਤ ਸਿੰਘ, ਬਲਕਾਰ ਸਿੰਘ, ਕਮਲਦੀਪ ਸਿੰਘ, ਜਤਿੰਦਰ ਕੁਮਾਰ ਅਤੇ ਹੋਰ ਅਧਿਆਪਕ ਹਾਜ਼ਰ ਸਨ |