ਬਟਾਲਾ, 25 ਅਪ੍ਰੈਲ (ਸਤਿੰਦਰ ਸਿੰਘ)- ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਦੇ ਨਤੀਜਿਆਂ ਦੇ ਸੰਬੰਧ ਵਿਚ ਇਕ ਸਮਾਗਮ ਕੀਤਾ ਗਿਆ, ਜਿਸ ਵਿਚ ਧਾਰਮਿਕ ਵਿਸ਼ੇ ਵਿਚੋਂ ਚੰਗੇ ਨੰਬਰ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਸਕੂਲ ਕਮੇਟੀ ਦੇ ਪ੍ਰਧਾਨ ਰੋਬਨਪ੍ਰੀਤ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਪਰਮਜੀਤ ਕੌਰ ਸੰਧੂ ਤੇ ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਨੇ ਸਤਿਨਾਮ ਸਰਬ ਕਲਿਆਣ ਟਰੱਸਟ ਦੇ ਧਾਰਮਿਕ ਵਿਦਿਆ ਦੀ ਪ੍ਰਚਾਰ-ਪ੍ਰਸਾਰ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਵਧੀਆ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਸਕੂਲ ਅਕੈਡਮਿਕ ਵਿਦਿਆ ਦੇ ਨਾਲ-ਨਾਲ ਧਾਰਮਿਕ ਸਿੱਖਿਆ ਦੇ ਖੇਤਰ ਵਿਚ ਵੀ ਅਹਿਮ ਸਥਾਨ ਰੱਖਦਾ ਹੈ | ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਕਰਵਾਏ ਜਾਂਦੇ ਸਾਲਾਨਾ ਗੁਰਮਤਿ ਮੁਕਾਬਲਿਆਂ ਦੀ ਜ਼ੋਨਲ ਟਰਾਫ਼ੀ ਵੀ ਲਗਾਤਾਰ 6 ਸਾਲ ਤੋਂ ਸਕੂਲ ਵਲੋਂ ਹਾਸਲ ਕੀਤੀ ਜਾ ਰਹੀ ਹੈ | ਧਾਰਮਿਕ ਸਿੱਖਿਆ ਦੇ ਪ੍ਰਬੰਧ ਲਈ ਸਕੂਲ ਵਿਖੇ ਟਰੱਸਟ ਵਲੋਂ 2 ਅਧਿਆਪਕ ਕੀਰਤਨ ਤੇ ਗਤਕਾ ਅਧਿਆਪਕ ਨਿਯੁਕਤ ਕੀਤੇ ਗਏ ਹਨ | ਇਸ ਮੌਕੇ ਧਾਰਮਿਕ ਅਧਿਆਪਕ ਮਨਦੀਪ ਸਿੰਘ, ਗੁਰਪ੍ਰੀਤ ਕੌਰ, ਕੋਆਰਡੀਨੇਟਰ ਮੈਡਮ ਕਵਲਜੀਤ ਕੌਰ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ |