ਪਠਾਨਕੋਟ, 25 ਅਪ੍ਰੈਲ (ਸੰਧੂ)- ਅਖਿਲ ਭਾਰਤੀ ਸਫ਼ਾਈ ਮਜ਼ਦੂਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਰਮੇਸ਼ ਕੱਟੋ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਫ਼ਾਈ ਕਰਮਚਾਰੀਆਂ ਨਾਲ ਸਬੰਧਿਤ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ | ਇਸ ਦੌਰਾਨ ਦੱਸਿਆ ਕਿ ਪਹਿਲਾਂ 33 ਵਾਰਡ ਸਨ ਜਿਨ੍ਹਾਂ ਨੂੰ ਵਧਾ ਕੇ ਹੁਣ 50 ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਕੌਂਸਲ ਦੇ 250 ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ ਤੇ ਨਿਗਮ ਵਿਚ 109 ਨਵੇਂ ਕਰਮਚਾਰੀ ਭਰਤੀ ਕੀਤੇ ਗਏ ਹਨ | ਇਸ ਦੇ ਬਾਵਜੂਦ ਸ਼ਹਿਰ ਦਾ ਖੇਤਰਫਲ ਲਗਪਗ ਚਾਰ ਗੁਣਾ ਹੋਣ ਕਾਰਨ ਕੰਮ ਦਾ ਬੋਝ ਕਾਫ਼ੀ ਵਧ ਗਿਆ ਹੈ | ਯੂਨੀਅਨ ਨੇ ਕਿਹਾ ਕਿ ਮੌਜੂਦਾ 504 ਕਰਮਚਾਰੀਆਂ 'ਤੇ ਸਾਰੀਆਂ ਜ਼ਿੰਮੇਵਾਰੀਆਂ ਪਾਈਆਂ ਜਾ ਰਹੀਆਂ ਹਨ | ਆਗੂਆਂ ਨੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਤੋਂ ਉਨ੍ਹਾਂ ਦੀ ਡਿਊਟੀ ਦੇ ਅਨੁਸਾਰ ਕੰਮ ਲਿਆ ਜਾਣਾ ਚਾਹੀਦਾ ਹੈ | ਖ਼ਾਸ ਤੌਰ 'ਤੇ ਸੀਵਰੇਜ ਪ੍ਰਬੰਧ ਨੂੰ ਠੀਕ ਰੱਖਣ ਲਈ ਘੱਟੋ-ਘੱਟ 300 ਸੀਵਰਮੈਨ ਦੀ ਤੁਰੰਤ ਲੋੜ ਦੱਸੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਯੂਨੀਅਨ ਸੜਕਾਂ 'ਤੇ ਉਤਰ ਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਰੌਸ਼ਨ ਲਾਲ, ਭਾਰਤ, ਦਿਨੇਸ਼ ਭੱਟੀ, ਰੋਹਣ, ਅਮਿਤ ਕੁਮਾਰ, ਹਨੀ ਸਮੇਤ ਹੋਰ ਮੈਂਬਰ ਹਾਜ਼ਰ ਸਨ |