ਸੁਜਾਨਪੁਰ, 25 ਅਪ੍ਰੈਲ (ਜਗਦੀਪ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਪੰਜਾਬ ਸਰਕਾਰ ਦੀਆਂ ਨੀਤੀਆਂ ਤਹਿਤ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ | ਉਕਤ ਵਿਚਾਰਾਂ ਦਾ ਪ੍ਰਗਾਟਾਵਾ ਕਾਲਜ ਪਿ੍ੰਸੀਪਲ ਡਾ: ਸਤਿੰਦਰ ਕਾਹਲੋਂ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜਿੱਥੇ ਐਸ.ਸੀ. ਅਤੇ ਬੀ.ਸੀ. ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਉਪਲਬਧ ਹੈ ਉੱਥੇ ਘੱਟ ਗਿਣਤੀ ਭਾਈਚਾਰਿਆਂ, ਜਿਵੇਂ ਸਿੱਖ ਤੇ ਮੁਸਲਿਮ ਸਮਾਜ ਆਦਿ ਨੂੰ ਵੀ ਵਿਸ਼ੇਸ਼ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ | ਜਨਰਲ ਵਰਗ ਦੇ ਵਿਦਿਆਰਥੀਆਂ ਲਈ ਵੀ ਘੱਟ ਗਿਣਤੀ ਵਜ਼ੀਫ਼ੇ ਦੀ ਸੁਵਿਧਾ ਉਪਲਬਧ ਹੈ | ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਉੱਚ-ਗੁਣਵੱਤਾ ਵਾਲਾ ਅਕਾਦਮਿਕ ਮਾਹੌਲ ਦੇ ਨਾਲ-ਨਾਲ ਕਲਿਆਣਕਾਰੀ ਸਕੀਮਾਂ ਦਾ ਸਿੱਧਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ | ਡਾ: ਕਾਹਲੋਂ ਨੇ ਸਪਸ਼ਟ ਕੀਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਆਰਥਿਕ ਤੌਰ 'ਤੇ ਪਛੜੇ ਤੇ ਯੋਗ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਹੈ ਕਿ ਕੋਈ ਵੀ ਵਿਦਿਆਰਥੀ ਆਰਥਿਕ ਤੰਗੀ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ | ਪੰਜਾਬ, ਕੇਂਦਰ ਸਰਕਾਰ ਤੇ ਯੂਨੀਵਰਸਿਟੀ ਵਲੋਂ ਚਲਾਈ ਜਾ ਰਹੀ ਇਨ੍ਹਾਂ ਸਕੀਮਾਂ ਦਾ ਲਾਭ ਉਠਾਉਣ ਲਈ ਵਿਦਿਆਰਥੀ ਕਾਲਜ ਦਫ਼ਤਰ ਨਾਲ ਸੰਪਰਕ ਕਰਨ ਤੇ ਰਜਿਸਟ੍ਰੇਸ਼ਨ ਕਰਵਾ ਕੇ ਆਪਣੀ ਸੀਟ ਰਾਖਵੀਂ ਕਰ ਸਕਦੇ ਹਨ ਕਿਉਂਕਿ ਸਾਰੇ ਕੋਰਸਾਂ ਤੇ ਵਿਸ਼ਿਆਂ ਲਈ ਸੀਟਾਂ ਸੀਮਤ ਹਨ, ਇਸ ਲਈ ਵਿਦਿਆਰਥੀਆਂ ਨੂੰ 10+2 ਦੇ ਨਤੀਜਿਆਂ ਦੀ ਉਡੀਕ ਨਹੀਂ ਕਰਨੀ ਚਾਹੀਦੀ, ਸਗੋਂ ਤੁਰੰਤ ਕਾਲਜ ਰਜਿਸਟ੍ਰੇਸ਼ਨ ਕਰਵਾਉਣ | ਉਨ੍ਹਾਂ ਕਿਹਾ ਕਿ 2026-27 ਅਕਾਦਮਿਕ ਸਾਲ ਦੇ ਕੁੱਲ 10 ਕੋਰਸਾਂ ਲਈ ਦਾਖ਼ਲੇ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ | ਵਿਦਿਆਰਥੀਆਂ ਦੀ ਸਹੂਲਤ ਲਈ ਹੈਲਪ ਲਾਈਨ ਡੈਸਕ ਸਥਾਪਿਤ ਕੀਤੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਦਾਖਲਾ ਲੈਣ ਵਿਚ ਕੋਈ ਅਸੁਵਿਧਾ ਨਾ ਹੋਵੇ |